ਜ਼ੀਰਕਪੁਰ ਦੇ ਵੀਆਈਪੀ ਰੋਡ ਇਲਾਕੇ ਵਿੱਚ ਇੱਕ ਅਜਿਹਾ ਖੂਫ਼ਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮੀਂਦਾ ਕਰ ਦਿੱਤਾ। ਪੰਜ ਨੌਜਵਾਨ ਮੁੰਡਿਆਂ ਨੇ ਭੁੱਖ ਮਿਟਾਉਣ ਲਈ ਇੱਕ ਦੁਕਾਨ ਤੋਂ ਬਿਸਕੁਟਾਂ ਦਾ ਪੈਕੇਟ ਚੋਰੀ ਕਰ ਲਿਆ ਤੇ ਉਹ ਇਹ ਵੀ ਨਹੀਂ ਜਾਣਦੇ ਸੀ ਕਿ ਇਹ ਛੋਟੀ ਜਿਹੀ ਗੱਲ ਉਨ੍ਹਾਂ ਲਈ ਇੱਜ਼ਤ ਅਤੇ ਸਰੀਰ ਤੇ ਭਾਰੀ ਪੈ ਜਾਵੇਗੀ। ਇੱਕ ਬਿਸਕੁਟ ਪੈਕੇਟ ਨੇ ਉਹਨਾਂ ਲਈ ਅੱਤਿਆਚਾਰ ਦੀ ਲੰਮੀ ਲੜੀ ਖੜੀ ਕਰ ਦਿੱਤੀ।
ਦੁਕਾਨਦਾਰ ਤੇ ਸਥਾਨਕ ਲੋਕਾਂ ਨੇ ਮੁੰਡਿਆਂ ਨੂੰ ਰੋਕ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੇ ਕੱਪੜੇ ਉਤਾਰ ਕੇ ਮਜਬੂਰੀ ਅਤੇ ਡਰ ਦੇ ਸਾਏ ਹੇਠ ਮੁਰਗਾ ਬਣਾਇਆ ਗਿਆ। ਹਾਏ ਰੱਬਾ, ਕਿਸੇ ਇੱਕ ਦਾ ਵੀ ਦਿਲ ਨਾਂ ਪਘਲਿਆ ਜਦ ਨਾਬਾਲਿਗ ਬੱਚੇ ਹੱਥ ਜੋੜ-ਜੋੜ ਕੇ ਰਹਿਮ ਦੀ ਭੀਖ ਮੰਗਦੇ ਰਹੇ। ਕਿਸੇ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਵਿਰੋਧ ਕਰਨ ਦੀ ਬਜਾਏ ਲੋੜਵੰਦ ਬੱਚਿਆਂ ਦੀ ਬੇਬਸੀ ਨੂੰ ਵੀਡੀਓ ਦੇ ਰੂਪ ਵਿੱਚ ਕੈਦ ਕਰਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਗਿਆ।
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇਹ ਬੱਚੇ 15 ਤੋਂ 17 ਸਾਲ ਦੀ ਉਮਰ ਦੇ ਹਨ। ਇਹ ਘਟਨਾ 21 ਅਕਤੂਬਰ ਦੀ ਰਾਤ ਜ਼ੀਰਕਪੁਰ ਦੇ ਵੀਆਈਪੀ ਰੋਡ ‘ਤੇ ਵਾਪਰੀ। ਇਹ ਸਾਰੇ ਮੁੰਡੇ ਪਿੰਡ ਭੁੱਡਾ ਸਾਹਿਬ ਦੇ ਰਹਿਣ ਵਾਲੇ ਹਨ ਤੇ ਉਹਥੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੰਮ ਲਈ ਆਏ ਸਨ। ਭੁੱਖ ਕਾਰਨ ਉਨ੍ਹਾਂ ਨੇ ਬਿਸਕੁਟ ਚੁੱਕੇ, ਜਿਸ ਤੋਂ ਬਾਅਦ ਕੁਝ ਨੌਜਵਾਨਾਂ ਦੀ ਟੋਲੀ ਗੁੱਸੇ ਵਿੱਚ ਉਨ੍ਹਾਂ ‘ਤੇ ਟੁੱਟ ਪਈ। ਦੱਸਿਆ ਜਾ ਰਿਹਾ ਹੈ ਕਿ ਨਾ ਸਿਰਫ਼ ਉਹਨਾਂ ਨੂੰ ਨੰਗਾ ਕਰਕੇ ਕੁੱਟਿਆ ਗਿਆ, ਸਗੋਂ ਉਨ੍ਹਾਂ ਨੂੰ ਜਬਰਦਸਤੀ ਹਰੀਆਂ ਮਿਰਚਾਂ ਵੀ ਖੁਆਈਆਂ ਗਈਆਂ।
ਇੱਕ ਪਾਸੇ ਵੀਡੀਓ ਬਣਾਉਣ ਵਾਲਿਆਂ ਦੀ ਭੀੜ ਖੜੀ ਸੀ ਤੇ ਦੂਜੇ ਪਾਸੇ ਬੱਚੇ ਸਹਿਮੇ ਹੋਏ ਡਰ ਦੇ ਮਾਰੇ ਕੰਬ ਰਹੇ ਸਨ। ਬੇਰਹਿਮੀ ਦਾ ਇਹ ਦ੍ਰਿਸ਼ ਸਮਾਜ ਲਈ ਸੰਦੇਸ਼ ਹੈ ਕਿ ਕਿਤੇ ਅਸੀਂ ਜਜ਼ਬਾਤਾਂ ਤੋਂ ਖਾਲੀ ਤਾਂ ਨਹੀਂ ਹੋ ਗਏ?
ਪਰਿਵਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਐਸਐਚਓ ਸਤਵਿੰਦਰ ਸਿੰਘ ਦੇ ਅਨੁਸਾਰ ਵੀਡੀਓ ਦੀ ਜਾਂਚ ਚੱਲ ਰਹੀ ਹੈ ਤੇ ਸਾਰੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹਮਲਾ, ਧਮਕੀ ਅਤੇ ਅਸ਼ਲੀਲ ਵਿਵਹਾਰ ਸਮੇਤ ਕਈ ਗੰਭੀਰ ਧਾਰਾਵਾਂ ਹੇਠ ਕਾਰਵਾਈ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਨੂੰਨ ਦੇ ਕਟਘਰੇ ਵਿੱਚ ਖੜ੍ਹਾ ਕੀਤਾ ਜਾਵੇਗਾ।
ਇਹ ਮਾਮਲਾ ਬਹੁਤ ਵੱਡਾ ਸਵਾਲ ਛੱਡ ਕੇ ਗਿਆ ਹੈ: ਕੀ ਇੱਕ ਭੁੱਖੇ ਬੱਚੇ ਦੀ ਗਲਤੀ ਦੀ ਸਜ਼ਾ ਇੰਨੀ ਕਠੋਰ ਹੋਣੀ ਚਾਹੀਦੀ ਹੈ? ਕੀ ਸਾਡੇ ਦਿਲ ਇੰਨੇ ਸਖ਼ਤ ਹੋ ਗਏ ਹਨ ਕਿ ਇੱਜ਼ਤ ਤੋੜ ਕੇ, ਬੱਚਿਆਂ ਨੂੰ ਡਰ ਅਤੇ ਦਰਦ ਦੇ ਕੋਲ੍ਹੇ ਵਿੱਚ ਸੁੱਟਣਾ ਹੀ ਇਨਸਾਫ ਲੱਗਦਾ ਹੈ?
ਜ਼ਰੂਰ ਹੈ ਕਿ ਜਦ ਤੱਕ ਅਸੀਂ ਨਰਮੀ ਅਤੇ ਮਨੁੱਖਤਾ ਦੇ ਅਸੂਲਾਂ ਨੂੰ ਜੀਉਣਾ ਨਹੀਂ ਸਿੱਖਦੇ, ਤਦ ਤੱਕ ਐਸੀਆਂ ਘਟਨਾਵਾਂ ਸਾਨੂੰ ਦੁੱਖ ਅਤੇ ਸ਼ਰਮ ਦਿਵਾਉਂਦੀਆਂ ਰਹਿਣਗੀਆਂ।

