ਅੰਮ੍ਰਿਤਸਰ: ਮੰਗਲਵਾਰ ਰਾਤ ਮਜੀਠਾ ਰੋਡ ‘ਤੇ ਗੰਡਾ ਸਿੰਘ ਵਾਲੀ ਕਾਲੋਨੀ ਦੀ ਗਲੀ ਨੰਬਰ 3 ‘ਚ ਦੋ ਧਿਰਾਂ ਵਿਚ ਹੋਈ ਗੋਲੀਬਾਰੀ ਦੌਰਾਨ ਇਕ ਨੌਜਵਾਨ ਦੀ ਦਹਿਸ਼ਤ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 21 ਸਾਲਾ ਵਿੱਕੀ ਵਜੋਂ ਹੋਈ ਹੈ, ਜੋ ਰਾਤ ਕਰੀਬ ਸਵਾ ਨੌਂ ਵਜੇ ਘਰੋਂ ਕਿਸੇ ਕੰਮ ਲਈ ਨਿਕਲਿਆ ਸੀ।
ਜਦ ਉਹ ਗਲੀ ਦੇ ਬਾਹਰ ਬਾਜ਼ਾਰ ਰਾਹੀਂ ਲੰਘ ਰਿਹਾ ਸੀ, ਤਦੋ ਹੀ ਦੋ ਧਿਰਾਂ ਵਿਚ ਤਾਬੜਤੋੜ ਗੋਲੀਆਂ ਚੱਲਣ ਲੱਗ ਪਈਆਂ। ਕੁਝ ਗੋਲੀਆਂ ਉਸ ਦੇ ਨੇੜੇ ਲੰਘੀਆਂ, ਜਿਸ ਕਾਰਨ ਉਹ ਡਰ ਕੇ ਸੜਕ ‘ਤੇ ਡਿੱਗ ਪਿਆ। ਲੋਕਾਂ ਵੱਲੋਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।ਇਸ ਘਟਨਾ ਦੌਰਾਨ ਇਕ ਹੋਰ ਨੌਜਵਾਨ ਦੀ ਲੱਤ ‘ਚ ਗੋਲੀ ਲੱਗੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।