ਅਜਨਾਲਾ ਸ਼ਹਿਰ ਵਿੱਚ ਬੁੱਧਵਾਰ ਨੂੰ ਇੱਕ ਦੁੱਖਦਾਈ ਘਟਨਾ ਸਾਹਮਣੇ ਆਈ, ਜਿੱਥੇ 20 ਸਾਲਾ ਨੌਜਵਾਨ ਨੇ ਆਪਣੀ ਪ੍ਰੇਮਿਕਾ ਨਾਲ ਫੋਨ ‘ਤੇ ਹੋਏ ਝਗੜੇ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਜਨ ਵਜੋਂ ਹੋਈ ਹੈ, ਜੋ ਕਿ ਬੀਐਸਐਫ਼ ਮੁਹੱਲਾ, ਅਜਨਾਲਾ ਨੇੜੇ ਰਹਿੰਦਾ ਸੀ ਅਤੇ ਇੱਕ ਸੈਲੂਨ ‘ਤੇ ਕੰਮ ਕਰਦਾ ਸੀ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਨ ਦੀ ਆਪਣੀ ਪ੍ਰੇਮਿਕਾ ਨਾਲ ਪਿਛਲੇ ਸਮੇਂ ਤੋਂ ਅਕਸਰ ਲੜਾਈ ਹੋ ਰਹੀ ਸੀ। ਅੱਜ ਹੋਏ ਝਗੜੇ ਤੋਂ ਬਾਅਦ ਉਸਨੇ ਘਰ ਦੇ ਇੱਕ ਕਮਰੇ ਵਿੱਚ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ।
ਇਹ ਜਾਣਕਾਰੀ ਰਾਜਨ ਦੀ ਪ੍ਰੇਮਿਕਾ ਨੇ ਉਸਦੇ ਭਰਾ ਨੂੰ ਫੋਨ ਕਰਕੇ ਦਿੱਤੀ ਅਤੇ ਕਿਹਾ ਕਿ ਝਗੜੇ ਦੌਰਾਨ ਰਾਜਨ ਨੇ ਕੋਈ ਗਲਤ ਕਦਮ ਚੁੱਕ ਲਿਆ ਹੈ, ਤੇ ਉਸਨੂੰ ਤੁਰੰਤ ਘਰ ਜਾਣਾ ਚਾਹੀਦਾ ਹੈ।ਜਦ ਤਕ ਰਾਜਨ ਦਾ ਭਰਾ ਘਰ ਪਹੁੰਚਿਆ, ਤਦ ਤਕ ਰਾਜਨ ਦੀ ਮੌਤ ਹੋ ਚੁੱਕੀ ਸੀ। ਥਾਣਾ ਇੰਚਾਰਜ ਮੁਖਤਿਆਰ ਸਿੰਘ ਨੇ ਪੁਸ਼ਟੀ ਕੀਤੀ ਕਿ ਮੌਕੇ ‘ਤੇ ਤਫਤੀਸ਼ੀ ਅਧਿਕਾਰੀ ਭੇਜੇ ਗਏ ਹਨ ਅਤੇ ਪਰਿਵਾਰਕ ਬਿਆਨਾਂ ਦੇ ਅਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ, ਰਾਜਨ ਦੀ ਮਾਂ ਘਰਾਂ ਵਿੱਚ ਕੰਮ ਕਰ ਕੇ ਪਰਿਵਾਰ ਦੀ ਗੁਜ਼ਾਰਾ ਕਰਦੀ ਹੈ।