ਦੀਨਾਨਗਰ : ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਲਗਾਤਾਰ ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਚਿੰਤਾ ਦਾ ਮਾਹੌਲ ਬਣਾ ਦਿੱਤਾ ਹੈ। ਡੈਮਾਂ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧਣ ਕਾਰਨ ਪ੍ਰਸ਼ਾਸਨ ਨੂੰ ਦਰਿਆਵਾਂ ਵਿਚ ਵਾਧੂ ਪਾਣੀ ਛੱਡਣਾ ਪੈ ਰਿਹਾ ਹੈ। ਇਸਦਾ ਸਿੱਧਾ ਪ੍ਰਭਾਵ ਰਾਵੀ ਦਰਿਆ ‘ਤੇ ਪਿਆ ਹੈ, ਜਿੱਥੇ ਪਾਣੀ ਮੁੜ ਠਾਠਾਂ ਮਾਰਦਾ ਹੋਇਆ ਨੇੜਲੇ ਪਿੰਡਾਂ ਵੱਲ ਵਹਿਣ ਲੱਗ ਪਿਆ ਹੈ।
ਰਾਵੀ ਦਰਿਆ ਦੇ ਮਕੌੜਾ ਪੱਤਣ ਨਾਲ ਲੱਗਦੇ ਪਿੰਡਾਂ ਵਿਚ ਕਈ ਥਾਵਾਂ ਉੱਤੇ ਗਲੀਆਂ ਅਤੇ ਖੇਤਾਂ ਵਿਚ ਪਾਣੀ ਦਾਖਲ ਹੋ ਗਿਆ ਹੈ। ਲੋਕ ਇੱਕ ਵਾਰ ਫਿਰ ਉਹਨਾਂ ਹੀ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ ਜਿਹੜੇ ਕੁਝ ਹਫ਼ਤੇ ਪਹਿਲਾਂ ਵੇਖਣ ਨੂੰ ਮਿਲੇ ਸਨ। ਦਰਿਆ ਨੇ ਪਹਿਲਾਂ ਹੀ 80 ਤੋਂ 85 ਪਿੰਡਾਂ ਵਿੱਚ ਤਬਾਹੀ ਮਚਾਈ ਸੀ ਅਤੇ ਕਈ ਘਰਾਂ, ਫ਼ਸਲਾਂ ਤੇ ਮਾਲ-ਮਵੇਸ਼ੀਆਂ ਨੂੰ ਨੁਕਸਾਨ ਪਹੁੰਚਾਇਆ ਸੀ। ਹਾਲਾਂਕਿ ਕਈ ਇਲਾਕਿਆਂ ਵਿਚ ਅਜੇ ਵੀ ਪਿਛਲੀ ਹੜ੍ਹ ਦਾ ਅਸਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਸੀ ਕਿ ਹੁਣ ਮੁੜ ਵਧਦੇ ਪਾਣੀ ਨੇ ਚਿੰਤਾ ਵਧਾ ਦਿੱਤੀ ਹੈ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪਿੰਡਾਂ ਦੀਆਂ ਗਲੀਆਂ ਵਿੱਚ ਮੁੜ ਪਾਣੀ ਭਰਨ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਅਤੇ ਰੋਜ਼ਾਨਾ ਜੀਵਨ ਦੀ ਸੁਰੱਖਿਆ ਬਾਰੇ ਫਿਕਰਾਂ ਸਤਾਉਣ ਲੱਗੀਆਂ ਹਨ। ਕਈ ਪਰਿਵਾਰ ਆਪਣੇ ਸਮਾਨ ਨੂੰ ਸੁਰੱਖਿਅਤ ਥਾਵਾਂ ਵੱਲ ਸਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਦੇ ਚਿਹਰਿਆਂ ਉੱਤੇ ਡਰ ਅਤੇ ਅਣਿਸ਼ਚਿਤਤਾ ਸਾਫ਼ ਦੇਖਣ ਨੂੰ ਮਿਲ ਰਹੀ ਹੈ।
ਉੱਧਰ, ਪਿਛਲੇ ਕੁਝ ਦਿਨਾਂ ਤੋਂ ਦਰਿਆ ਵਿਚ ਪਾਣੀ ਦੇ ਵੱਧਦੇ ਪੱਧਰ ਕਾਰਨ ਕਿਸ਼ਤੀ ਸੇਵਾ ਵੀ ਪੂਰੀ ਤਰ੍ਹਾਂ ਬੰਦ ਕੀਤੀ ਗਈ ਹੈ। ਇਸ ਕਰਕੇ ਦਰਿਆ ਦੇ ਪਰਲੇ ਪਾਸੇ ਰਹਿਣ ਵਾਲੇ ਲੋਕ ਬਾਹਰੀ ਦੁਨੀਆ ਨਾਲ ਜੁੜਨ ਤੋਂ ਵੰਜੇ ਹੋ ਗਏ ਹਨ। ਰਾਹਤ ਸਮੱਗਰੀ ਉਨ੍ਹਾਂ ਤੱਕ ਐੱਨ.ਡੀ.ਆਰ.ਐਫ਼. ਅਤੇ ਐੱਸ.ਡੀ.ਆਰ.ਐਫ਼. ਦੀਆਂ ਟੀਮਾਂ ਰਾਹੀਂ ਹੀ ਪਹੁੰਚ ਰਹੀ ਹੈ। ਇਹ ਟੀਮਾਂ ਕਿਸ਼ਤੀਆਂ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਦੂਰ-ਦੁਰਸਤ ਇਲਾਕਿਆਂ ਵਿਚ ਅਵਸ਼ਕ ਸਮਾਨ ਪਹੁੰਚਾ ਰਹੀਆਂ ਹਨ।
ਪਰਿਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਜਰੂਰਤ ਪੈਣ ‘ਤੇ ਸੁਰੱਖਿਅਤ ਥਾਵਾਂ ਵੱਲ ਤੁਰੰਤ ਖਾਲੀ ਕਰਨ ਲਈ ਕਿਹਾ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਚਾਅ ਕਾਰਜਾਂ ਲਈ ਟੀਮਾਂ ਚੌਕਸ ਹਨ ਅਤੇ ਜੇ ਹਾਲਾਤ ਹੋਰ ਖਰਾਬ ਹੁੰਦੇ ਹਨ ਤਾਂ ਰਾਹਤ ਤੇ ਬਚਾਅ ਕਾਰਵਾਈ ਵਧਾਈ ਜਾਵੇਗੀ।
ਰਾਵੀ ਦਰਿਆ ਦੇ ਵਧਦੇ ਪਾਣੀ ਕਾਰਨ ਬਣੇ ਹਾਲਾਤਾਂ ਨੇ ਇੱਕ ਵਾਰ ਫਿਰ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੰਬੇ ਸਮੇਂ ਲਈ ਹੜ੍ਹਾਂ ਤੋਂ ਬਚਾਅ ਦੀ ਮਜ਼ਬੂਤ ਯੋਜਨਾ ਬਣਾਉਣੀ ਚਾਹੀਦੀ ਹੈ ਤਾਂ ਜੋ ਹਰ ਸਾਲ ਦੁਹਰਾਏ ਜਾਣ ਵਾਲੇ ਇਸ ਕਹਿਰ ਤੋਂ ਆਮ ਲੋਕਾਂ ਨੂੰ ਰਾਹਤ ਮਿਲ ਸਕੇ।