ਚੰਡੀਗੜ੍ਹ/ਜਲੰਧਰ – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਪੰਜਾਬ ਪੁਲਸ ਨੇ ਵੀਰਵਾਰ ਨੂੰ ਰਾਜ ਭਰ ਵਿੱਚ ਇਕ ਹੋਰ ਵੱਡੀ ਕਾਰਵਾਈ ਅੰਜਾਮ ਦਿੱਤੀ। ਮੁਹਿੰਮ ਦੇ 180ਵੇਂ ਦਿਨ, ਸੂਬੇ ਦੇ ਕੁੱਲ 138 ਰੇਲਵੇ ਸਟੇਸ਼ਨਾਂ ’ਤੇ ਇੱਕੋ ਸਮੇਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ ਗਈ। ਇਸ ਆਪ੍ਰੇਸ਼ਨ ਦੀ ਨਿੱਜੀ ਨਿਗਰਾਨੀ ਵਿਸ਼ੇਸ਼ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ ਵੱਲੋਂ ਕੀਤੀ ਗਈ।
ਅਧਿਕਾਰੀਆਂ ਮੁਤਾਬਕ, ਸਾਰੇ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰ (ਸੀ.ਪੀ.) ਅਤੇ ਸੀਨੀਅਰ ਸੁਪਰਿੰਟੈਂਡੈਂਟ ਆਫ ਪੁਲਸ (ਐੱਸ.ਐੱਸ.ਪੀ.) ਨੂੰ ਹਦਾਇਤ ਦਿੱਤੀ ਗਈ ਸੀ ਕਿ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਹੇਠ ਵੱਡੀ ਪੁਲਸ ਫੋਰਸ ਤਾਇਨਾਤ ਕੀਤੀ ਜਾਵੇ। ਇਸ ਦੌਰਾਨ ਸੂਬੇ ਦੇ 138 ਰੇਲਵੇ ਸਟੇਸ਼ਨਾਂ ’ਤੇ ਲਗਭਗ 1189 ਲੋਕਾਂ ਦੀ ਤਲਾਸ਼ੀ ਲਈ ਗਈ, ਜਦੋਂ ਕਿ 7 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਕਾਬੂ ਕੀਤਾ ਗਿਆ।
ਪੁਲਸ ਟੀਮਾਂ ਨੇ ਨਾ ਸਿਰਫ਼ ਰੇਲਵੇ ਸਟੇਸ਼ਨਾਂ ਤੇ ਸੁਰੱਖਿਆ ਕੜੀ ਕੀਤੀ, ਸਗੋਂ ਨਸ਼ਿਆਂ ਦੇ ਗ਼ੈਰ ਕਾਨੂੰਨੀ ਧੰਧੇ ’ਤੇ ਵੀ ਵੱਡਾ ਵਾਰ ਕੀਤਾ। ਕਾਰਵਾਈ ਦੌਰਾਨ 84 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ’ਚੋਂ 1.8 ਕਿਲੋਗ੍ਰਾਮ ਹੈਰੋਇਨ, 24 ਕਿਲੋ ਭੁੱਕੀ ਅਤੇ ਤਕਰੀਬਨ 5400 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਪੁਲਸ 27,508 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਦੌਰਾਨ ਵੱਡੀ ਮਾਤਰਾ ਵਿੱਚ ਹੈਰੋਇਨ, ਨਸ਼ੀਲੀਆਂ ਗੋਲੀਆਂ, ਨਸ਼ਾ ਮਨੀ ਅਤੇ ਹੋਰ ਗੈਰਕਾਨੂੰਨੀ ਸਮੱਗਰੀ ਵੀ ਬਰਾਮਦ ਹੋਈ ਹੈ।
ਪੁਲਸ ਨੇ ਕਿਹਾ ਕਿ ਰਾਜ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ ਤਾਂ ਜੋ ਨਸ਼ਿਆਂ ਦੇ ਵਪਾਰ ਨੂੰ ਪੂਰੀ ਤਰ੍ਹਾਂ ਜੜ੍ਹੋਂ ਖ਼ਤਮ ਕੀਤਾ ਜਾ ਸਕੇ।