ਹਨੂਮਾਨਗੜ੍ਹ : ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਗੋਲੂਵਾਲਾ ਕਸਬੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿੱਚ ਸ਼ੁੱਕਰਵਾਰ ਸਵੇਰੇ ਹਿੰਸਕ ਝੜਪ ਹੋਣ ਨਾਲ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ, ਸਵੇਰੇ ਤਿੰਨ ਵਜੇ ਦੇ ਕਰੀਬ ਇੱਕ ਧਿਰ ਦੇ 80 ਤੋਂ ਵੱਧ ਲੋਕ ਗੁਰਦੁਆਰੇ ਵਿੱਚ ਜ਼ਬਰਦਸਤੀ ਦਾਖਲ ਹੋਏ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਹੋਈ ਗੱਲਬਾਤ ਹਿੰਸਾ ਵਿੱਚ ਬਦਲ ਗਈ ਅਤੇ ਦੋਵੇਂ ਪੱਖਾਂ ਵਿੱਚ ਲਾਠੀਆਂ ਤੇ ਹਥਿਆਰ ਵੀ ਵਰਤੇ ਗਏ।
ਬੱਚਿਆਂ ਸਮੇਤ ਅੱਠ ਜ਼ਖ਼ਮੀ
ਇਸ ਝੜਪ ਦੌਰਾਨ ਬੱਚਿਆਂ ਸਮੇਤ ਘੱਟੋ-ਘੱਟ ਅੱਠ ਲੋਕ ਜ਼ਖ਼ਮੀ ਹੋਏ। ਉਨ੍ਹਾਂ ਨੂੰ ਹੱਥਾਂ, ਲੱਤਾਂ ਅਤੇ ਸਿਰਾਂ ‘ਤੇ ਸੱਟਾਂ ਲੱਗੀਆਂ। ਸਥਾਨਕ ਹਸਪਤਾਲ ਵਿੱਚ ਪ੍ਰਾਇਮਰੀ ਇਲਾਜ ਤੋਂ ਬਾਅਦ ਕਈ ਗੰਭੀਰ ਜ਼ਖ਼ਮੀਆਂ ਨੂੰ ਸ਼੍ਰੀ ਗੰਗਾਨਗਰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ।
ਪ੍ਰਸ਼ਾਸਨ ਚੌਕਸ, ਭਾਰੀ ਪੁਲਿਸ ਫੋਰਸ ਤੈਨਾਤ
ਜਿਵੇਂ ਹੀ ਘਟਨਾ ਦੀ ਖ਼ਬਰ ਮਿਲੀ, ਗੋਲੂਵਾਲਾ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਸਥਿਤੀ ਵਿਗੜਦੀ ਦੇਖਕੇ ਪ੍ਰਸ਼ਾਸਨ ਨੇ 15 ਥਾਣਿਆਂ ਤੋਂ ਪੁਲਿਸ ਬਲ ਅਤੇ ਆਰਏਸੀ ਦੇ ਜਵਾਨ ਤਾਇਨਾਤ ਕੀਤੇ। ਪੁਲਿਸ ਲਾਈਨਾਂ ਤੋਂ ਵੀ ਵਾਧੂ ਫੋਰਸ ਮੰਗਵਾਈ ਗਈ। ਹਾਲਾਤ ‘ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੇ ਗੋਲੂਵਾਲਾ ਵਿੱਚ ਸੀ.ਆਰ.ਪੀ.ਸੀ. ਧਾਰਾ 163 ਲਾਗੂ ਕਰ ਦਿੱਤੀ ਹੈ, ਜਿਸ ਤਹਿਤ ਚਾਰ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਵਧਾਨੀ ਵਜੋਂ ਕਸਬੇ ਦੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਪੁਰਾਣਾ ਵਿਵਾਦ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਨੂੰ ਲੈ ਕੇ ਲੰਬੇ ਸਮੇਂ ਤੋਂ ਦੋ ਧਿਰਾਂ ਵਿੱਚ ਟਕਰਾਅ ਚੱਲ ਰਿਹਾ ਸੀ। ਮੁੱਖ ਗ੍ਰੰਥੀ ਅਤੇ ਮੈਨੇਜਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਸਿੱਖ ਸੰਗਤ ਅਤੇ ਗੁਰਦੁਆਰਾ ਕਮੇਟੀ ਵਿਚਾਲੇ ਕਈ ਮਹੀਨਿਆਂ ਤੋਂ ਤਣਾਅ ਹੈ।
ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ 2009 ਵਿੱਚ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਇਸ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਬਣੇ ਸਨ ਅਤੇ ਲਗਭਗ ਸੱਤ ਸਾਲਾਂ ਤੱਕ ਇਹ ਜ਼ਿੰਮੇਵਾਰੀ ਨਿਭਾਈ। ਪਰ 2016 ਵਿੱਚ ਪੰਜਾਬ ਵਿੱਚ ਉਹਨਾਂ ਦਾ ਕਤਲ ਹੋ ਗਿਆ। ਉਸ ਤੋਂ ਬਾਅਦ, ਉਹਨਾਂ ਦੀ ਪਤਨੀ ਬੀਬੀ ਹਰਮੀਤ ਕੌਰ ਨੂੰ ਪ੍ਰਬੰਧਕੀ ਸੌਂਪੀ ਗਈ। ਹੁਣ ਪਿਛਲੇ ਕੁਝ ਮਹੀਨਿਆਂ ਤੋਂ ਸਥਾਨਕ ਸੰਗਤ ਬੀਬੀ ਹਰਮੀਤ ਕੌਰ ਨੂੰ ਹਟਾ ਕੇ ਇੱਕ ਨਵੀਂ ਕਮੇਟੀ ਬਣਾਉਣ ਦੀ ਮੰਗ ਕਰ ਰਹੀ ਹੈ।
ਐਸਪੀ ਦਾ ਬਿਆਨ
ਹਨੂਮਾਨਗੜ੍ਹ ਦੇ ਐਸਪੀ ਹਰੀ ਸ਼ੰਕਰ ਨੇ ਕਿਹਾ, “ਸ਼ੁੱਕਰਵਾਰ ਸਵੇਰੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿੱਚ ਬਾਹਰੀ ਲੋਕਾਂ ਵੱਲੋਂ ਜ਼ਬਰਦਸਤੀ ਦਾਖਲ ਹੋਣ ਕਾਰਨ ਝਗੜਾ ਹੋਇਆ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਹਾਲਾਤਾਂ ‘ਤੇ ਕਾਬੂ ਪਾ ਲਿਆ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਇਲਾਕੇ ਵਿੱਚ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਭਾਰੀ ਪੁਲਿਸ ਫੋਰਸ, ਆਰਏਸੀ ਦੇ ਦੋ ਯੂਨਿਟ ਅਤੇ ਕਈ ਥਾਣਿਆਂ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ।”
ਇਸ ਵੇਲੇ, ਗੋਲੂਵਾਲਾ ਵਿੱਚ ਹਾਲਾਤ ਪੁਲਿਸ ਦੀ ਨਿਗਰਾਨੀ ਹੇਠ ਕਾਬੂ ਵਿੱਚ ਹਨ, ਪਰ ਤਣਾਅ ਅਜੇ ਵੀ ਬਣਿਆ ਹੋਇਆ ਹੈ।