ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ ‘ਤੇ ਲਗੇ ਟੈਰਿਫ ਦੀ ਮੁਅੱਤਲੀ ਹੋਰ 90 ਦਿਨਾਂ ਲਈ ਵਧਾ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਟਰੂਥ ਸੋਸ਼ਲ’ ‘ਤੇ ਪੋਸਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਇਸ ਲਈ ਕਾਰਜਕਾਰੀ ਹੁਕਮ ‘ਤੇ ਦਸਤਖਤ ਕਰ ਦਿੱਤੇ ਹਨ। ਸਮਝੌਤੇ ਦੀਆਂ ਹੋਰ ਸ਼ਰਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ।
ਪਿਛਲੀ ਮਿਆਦ ਮੰਗਲਵਾਰ ਰਾਤ 12:01 ਵਜੇ ਖਤਮ ਹੋਣੀ ਸੀ। ਜੇ ਵਾਧਾ ਨਾ ਕੀਤਾ ਜਾਂਦਾ, ਤਾਂ ਅਮਰੀਕਾ ਚੀਨੀ ਸਮਾਨ ‘ਤੇ 30% ਤੋਂ ਵੀ ਵੱਧ ਟੈਕਸ ਵਧਾ ਸਕਦਾ ਸੀ, ਜਿਸ ਦਾ ਬਦਲਾ ਚੀਨ ਵੀ ਅਮਰੀਕੀ ਆਯਾਤ ‘ਤੇ ਡਿਊਟੀ ਵਧਾ ਕੇ ਦੇ ਸਕਦਾ ਸੀ।
ਇਹ ਫੈਸਲਾ ਸਟਾਕਹੋਮ ਵਿੱਚ ਅਮਰੀਕੀ ਤੇ ਚੀਨੀ ਵਪਾਰ ਅਧਿਕਾਰੀਆਂ ਵਿਚਾਲੇ ਹੋਈ ਹਾਲੀਆ ਗੱਲਬਾਤ ਤੋਂ ਬਾਅਦ ਆਇਆ ਹੈ। ਉਮੀਦ ਹੈ ਕਿ ਇਸ ਨਾਲ ਦੋਵੇਂ ਦੇਸ਼ ਆਪਣੇ ਵਪਾਰਕ ਮਤਭੇਦ ਸੁਲਝਾ ਸਕਣਗੇ ਅਤੇ ਸਾਲ ਦੇ ਅੰਤ ਤੱਕ ਰਾਸ਼ਟਰਪਤੀ ਟਰੰਪ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਦਾ ਰਾਹ ਖੁੱਲੇਗਾ।
ਪਹਿਲਾਂ, ਅਪ੍ਰੈਲ ਵਿੱਚ, ਚੀਨ ‘ਤੇ ਟੈਰਿਫ 145% ਅਤੇ ਅਮਰੀਕਾ ‘ਤੇ 125% ਤੱਕ ਪਹੁੰਚ ਗਏ ਸਨ। ਮਈ ਵਿੱਚ ਦੋਵੇਂ ਪਾਸਿਆਂ ਨੇ 90 ਦਿਨਾਂ ਲਈ ਟੈਰਿਫ ਮੁਅੱਤਲ ਕਰਨ ਦਾ ਸਮਝੌਤਾ ਕੀਤਾ ਸੀ, ਜੋ ਹੁਣ ਟਰੰਪ ਨੇ ਵਧਾ ਦਿੱਤਾ ਹੈ।