ਨੈਸ਼ਨਲ ਡੈਸਕ: ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿੱਚ ਚੱਲ ਰਹੇ ਟਕਰਾਅ ਨੇ ਰਾਜ ਸਭਾ ਦੀ ਕਾਰਵਾਈ ਨੂੰ ਅੱਜ ਵੀ ਪ੍ਰਭਾਵਿਤ ਕੀਤਾ। ਵਿਰੋਧੀ ਧਿਰ ਵੱਲੋਂ ਇਸ ਮੁੱਦੇ ‘ਤੇ ਚਰਚਾ ਦੀ ਮੰਗ ‘ਤੇ ਅੜੇ ਰਹਿਣ ਕਾਰਨ ਸਦਨ ਵਿੱਚ ਲਗਾਤਾਰ ਹੰਗਾਮਾ ਹੋਇਆ, ਜਿਸ ਕਰਕੇ ਡਿਪਟੀ ਚੇਅਰਮੈਨ ਹਰੀਵੰਸ਼ ਨੂੰ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨੀ ਪਈ।
ਪਿਛਲੇ ਚਾਰ ਹਫ਼ਤਿਆਂ ਤੋਂ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਲਗਾਤਾਰ ਹੰਗਾਮੇ ਕਾਰਨ ਜ਼ੀਰੋ ਆਵਰ ਅਤੇ ਪ੍ਰਸ਼ਨ ਕਾਲ ਦੀ ਕਾਰਵਾਈ ਠੱਪ ਰਹੀ ਹੈ। ਸੱਤਾਧਾਰੀ ਧਿਰ ਵੱਲੋਂ ਵੋਟਰ ਸੂਚੀ ਸੋਧ ‘ਤੇ ਚਰਚਾ ਕਰਨ ਤੋਂ ਇਨਕਾਰ ਅਤੇ ਵਿਰੋਧੀ ਧਿਰ ਵੱਲੋਂ ਜ਼ੋਰ ਦੇਣ ਕਾਰਨ ਡੈੱਡਲਾਕ ਟੁੱਟ ਨਹੀਂ ਸਕਿਆ। ਬਿੱਲਾਂ ਦੀ ਪਾਸਗੀ ਸਮੇਤ ਜ਼ਿਆਦਾਤਰ ਵਿਧਾਨਕ ਕੰਮ ਹੰਗਾਮੇ ਦੀ ਗੜਬੜ ਵਿਚ ਹੀ ਕੀਤੇ ਗਏ।
ਸਵੇਰੇ ਸਦਨ ਦੀ ਸ਼ੁਰੂਆਤ ਵਿੱਚ ਹਰੀਵੰਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਯਮ 267 ਅਧੀਨ ਚਰਚਾ ਲਈ 20 ਨੋਟਿਸ ਮਿਲੇ, ਪਰ ਨਿਯਮਾਂ ਅਨੁਸਾਰ ਉਹ ਸਵੀਕਾਰਯੋਗ ਨਹੀਂ ਸਨ। ਇਸ ‘ਤੇ ਵਿਰੋਧੀ ਮੈਂਬਰਾਂ ਨੇ ਤੀਬਰ ਵਿਰੋਧ ਦਰਸਾਇਆ ਅਤੇ ਆਪਣੀਆਂ ਸੀਟਾਂ ਤੋਂ ਉੱਠ ਕੇ ਨਾਰਿਆਂਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਕਾਂਗਰਸ ਦੇ ਨੇਤਾ ਮਲਿਕਾਰੁਜਨ ਖੜਗੇ ਨੇ ਤਿੱਖਾ ਸਵਾਲ ਉਠਾਇਆ ਕਿ ਜੇਕਰ ਨੋਟਿਸ ਨਿਯਮਾਂ ਅਨੁਸਾਰ ਨਹੀਂ ਹਨ ਤਾਂ ਮੈਂਬਰਾਂ ਨੂੰ ਸਪਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਚਾਹੀਦੇ ਹਨ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਨੋਟਿਸ ਲਿਖਣਾ ਚਾਹੀਦਾ ਹੈ।
ਡਿਪਟੀ ਚੇਅਰਮੈਨ ਨੇ ਵਿਰੋਧੀ ਮੈਂਬਰਾਂ ਨੂੰ ਆਪਣੀਆਂ ਸੀਟਾਂ ‘ਤੇ ਵਾਪਸ ਜਾਣ ਅਤੇ ਸਦਨ ਦੀ ਕਾਰਵਾਈ ਜਾਰੀ ਰਹਿਣ ਦੇਣ ਦੀ ਅਪੀਲ ਕੀਤੀ, ਪਰ ਹੰਗਾਮਾ ਵੱਧਦਾ ਗਿਆ। ਇਸ ਦੌਰਾਨ ਧਿਆਨ ਵਿੱਚ ਲਿਆਂਦਾ ਗਿਆ ਕਿ ਕੁਝ ਮੈਂਬਰ ਬੈਜ ਲਗਾ ਕੇ ਸਦਨ ਵਿੱਚ ਆਏ ਹਨ, ਜਿਸ ‘ਤੇ ਹਰੀਵੰਸ਼ ਨੇ ਕਿਹਾ ਕਿ ਇਹ ਨਿਯਮਾਂ ਦੇ ਉਲੰਘਣ ਹੈ ਅਤੇ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ।
ਸਦਨ ਵਿੱਚ ਵਧਦੀ ਹਫੜਤੋੜ ਦੇ ਮਾਹੌਲ ਨੂੰ ਵੇਖਦਿਆਂ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।