ਬਰਨਾਲਾ: ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਧਾਗਾ ਮਿੱਲ ਕੋਲ ਇੱਕ ਭਿਆਨਕ ਸੜਕ ਹਾਦਸਾ ਘਟਿਆ, ਜਿਸ ਵਿੱਚ 22 ਦਿਨ ਪਹਿਲਾਂ ਵਿਆਹੇ ਇਕਲੌਤੇ ਜਵਾਨ ਪੁੱਤ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਮੁਤਾਬਕ, ਵਪਾਰੀ ਸਾਹਿਲ ਗੋਇਲ ਦਾ ਪੁੱਤਰ ਰਾਹੁਲ ਗੋਇਲ, ਜੋ ਰਾਮਪੁਰਾ ਫੂਲ ਦਾ ਵਾਸੀ ਸੀ, ਇੱਕ ਕਾਰ ਵਿੱਚ ਸਵਾਰ ਹੋ ਕੇ ਤਪਾ ਵੱਲ ਜਾ ਰਿਹਾ ਸੀ। ਜਦੋਂ ਉਹ ਧਾਗਾ ਮਿੱਲ ਕੋਲ ਪੁੱਜਾ, ਤਾਂ ਸੜਕ ‘ਤੇ ਆ ਰਹੇ ਭਰੇ ਹੋਏ ਸਿਲੰਡਰਾਂ ਵਾਲੇ ਕੈਂਟਰ ਨੇ ਅਚਾਨਕ ਬਰੇਕ ਲਗਾ ਦਿੱਤੀ। ਇਸ ਕਾਰਨ ਰਾਹੁਲ ਦੀ ਕਾਰ ਗੱਡੀ ਕੈਂਟਰ ਦੇ ਹੇਠਾਂ ਵੜ੍ਹ ਗਈ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ।
ਇਸ ਦੌਰਾਨ ਇੱਕ ਟੈਂਪੂ ਵਾਲੇ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਉਸ ਨੂੰ ਸਿਵਲ ਹਸਪਤਾਲ, ਰਾਮਪੁਰਾ ਫੂਲ ਦਾਖਲ ਕਰਵਾਇਆ, ਪਰ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲਾਸ਼ ਨੂੰ ਹਸਪਤਾਲ ਦੇ ਮੋਰਚਰੀ ਰੂਮ ਵਿੱਚ ਰੱਖਿਆ ਗਿਆ।
ਪਰਿਵਾਰਿਕ ਮੈਂਬਰਾਂ ਨੂੰ ਘਟਨਾ ਬਾਰੇ ਜਦ ਪਤਾ ਲੱਗਾ, ਉਹ ਤੁਰੰਤ ਹਾਦਸਾ ਸਥਾਨ ਤੇ ਪਹੁੰਚੇ। ਮ੍ਰਿਤਕ ਰਾਹੁਲ ਗੋਇਲ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣਾ ਲਗਭਗ 22 ਦਿਨ ਪਹਿਲਾਂ ਹੀ ਪਿੰਡ ਪੰਧੇਰ ਵਿੱਚ ਵਿਆਹਿਆ ਹੋਇਆ ਸੀ ਅਤੇ ਮਾਂ-ਪਿਉ ਦਾ ਇਕਲੌਤਾ ਬੇਟਾ ਸੀ।
ਘਟਨਾ ਦੇ ਸਬੰਧ ਵਿੱਚ ਹਸਪਤਾਲ ਰੁਕਾ ਤੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਘਟਨਾ ਸਥਾਨ ‘ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਭਿਆਨਕ ਹਾਦਸੇ ਨੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਗਹਿਰਾ ਦੁੱਖ ਦਿਤਾ ਹੈ, ਕਿਉਂਕਿ ਇੱਕ ਨੌਜਵਾਨ ਦੀ ਕੱਟੜੀ ਮੌਤ ਨਾਲ ਪਰਿਵਾਰ ਵਿਸ਼ੇਸ਼ ਤੌਰ ‘ਤੇ ਪਰੇਸ਼ਾਨ ਹੈ।