ਸ਼ਹਿਰੀਆਂ ਦੀ ਸਹੂਲਤ ਲਈ ਨਗਰ ਨਿਗਮ ਦੇ ਜ਼ੋਨਲ ਸੁਵਿਧਾ ਕੇਂਦਰ ਵੀ ਛੁੱਟੀ ਵਾਲੇ ਦਿਨ ਰਹਿਣਗੇ ਖੁੱਲ੍ਹੇ
ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਇੱਕ ਵਾਰਗੀ ਸੈਟਲਮੈਂਟ (OTS) ਨੀਤੀ ਤਹਿਤ ਲੋਕ ਅੱਜ 31 ਜੁਲਾਈ ਤੱਕ ਬਿਨਾਂ ਕਿਸੇ ਜੁਰਮਾਨੇ ਜਾਂ ਵਿਆਜ ਦੇ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਅਦਾ ਕਰ ਸਕਦੇ ਹਨ।ਇਸ ਮੌਕੇ ਨੂੰ ਆਖਰੀ ਦਿਨ ਹੋਣ ਕਰਕੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਹੁਕਮ ਜਾਰੀ ਕੀਤੇ ਹਨ ਕਿ ਵੀਰਵਾਰ, ਜੋ ਕਿ ਛੁੱਟੀ ਵਾਲਾ ਦਿਨ ਹੈ, ਨਗਰ ਨਿਗਮ ਦੇ ਜ਼ੋਨਲ ਸੁਵਿਧਾ ਕੇਂਦਰ ਖੁੱਲ੍ਹੇ ਰਹਿਣਗੇ, ਤਾਂ ਜੋ ਲੋਕ ਟੈਕਸ ਅਸਾਨੀ ਨਾਲ ਜਮ੍ਹਾ ਕਰਵਾ ਸਕਣ।
ਬੁੱਧਵਾਰ ਨੂੰ ਨਗਰ ਨਿਗਮ ਦਫਤਰਾਂ ਵਿੱਚ ਟੈਕਸ ਭਰਨ ਵਾਲਿਆਂ ਦੀ ਭੀੜ ਨਜ਼ਰ ਆਈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਹਰ ਸਾਲ ਸਵੈ-ਮੁਲਾਂਕਣ ਦੇ ਆਧਾਰ ਤੇ ਭਰਨਾ ਲਾਜ਼ਮੀ ਹੁੰਦਾ ਹੈ। ਜੇਕਰ ਕੋਈ ਟੈਕਸ ਨਹੀਂ ਭਰਦਾ ਤਾਂ ਨਗਰ ਨਿਗਮ 20% ਜੁਰਮਾਨਾ ਅਤੇ 18% ਸਾਲਾਨਾ ਵਿਆਜ ਲਗਾਉਂਦੀ ਹੈ।ਪਰ OTS ਸਕੀਮ ਤਹਿਤ ਅੱਜ ਤੱਕ ਲੋਕ ਬਿਨਾਂ ਕਿਸੇ ਵਾਧੂ ਚਾਰਜ ਦੇ ਬਕਾਇਆ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਇਹ ਭੁਗਤਾਨ ਨਗਰ ਨਿਗਮ ਦੇ ਜ਼ੋਨਲ ਦਫਤਰਾਂ ਵਿੱਚ ਸਥਿਤ ਸੁਵਿਧਾ ਕੇਂਦਰਾਂ ’ਤੇ ਕੀਤਾ ਜਾ ਸਕਦਾ ਹੈ।