ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਇੰਦੌਰ ਲੋਕਾਯੁਕਤ ਟੀਮ ਨੇ ਵੱਡੀ ਕਾਰਵਾਈ ਕੀਤੀ ਹੈ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਡਾਇਰੈਕਟਰ ਅਤੇ ਮਹਿਲਾ ਬਾਲ ਸੰਪਰਕ ਗ੍ਰਹਿ ਦੇ ਸੁਪਰਡੈਂਟ ਐਚ.ਐਸ. ਅਰੋੜਾ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਲੋਕਾਯੁਕਤ ਪੁਲੀਸ ਮੁਤਾਬਕ, ਅਸਥਾਈ ਰਸੋਈਏ ਜੋਤੀ ਪਾਲ ਨੇ ਸ਼ਿਕਾਇਤ ਕੀਤੀ ਸੀ ਕਿ ਅਰੋੜਾ ਤਨਖਾਹ ਪਾਸ ਕਰਨ ਲਈ ਹਰ ਮਹੀਨੇ 2,000 ਰੁਪਏ ਮੰਗਦਾ ਹੈ। ਉਸਨੇ ਇਹ ਵੀ ਧਮਕੀ ਦਿੱਤੀ ਸੀ ਕਿ ਜੇ ਪੈਸੇ ਨਾ ਮਿਲੇ ਤਾਂ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।
ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਮੰਗਲਵਾਰ ਨੂੰ PWD ਰੈਸਟ ਹਾਊਸ ‘ਚ ਜਾਲ ਵਿਛਾਇਆ ਗਿਆ। ਜੋਤੀ ਪਾਲ ਨੇ ਦੋ ਮਹੀਨਿਆਂ ਦੀ ਤਨਖਾਹ ਦੇ ਬਦਲੇ 4,000 ਰੁਪਏ ਅਰੋੜਾ ਨੂੰ ਦਿੱਤੇ, ਜਿਸ ਦੌਰਾਨ ਲੋਕਾਯੁਕਤ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਕਾਰਵਾਈ ਤੋਂ ਬਾਅਦ ਵਿਭਾਗ ਵਿੱਚ ਹੜਕੰਪ ਮਚ ਗਿਆ। ਜੋਤੀ ਪਾਲ ਦਾ ਕਹਿਣਾ ਹੈ ਕਿ ਅਰੋੜਾ ਪਹਿਲਾਂ ਵੀ ਇਸ ਅਹੁਦੇ ‘ਤੇ ਰਹਿੰਦੇ ਹੋਏ ਰਿਸ਼ਵਤ ਲੈਂਦਾ ਸੀ ਅਤੇ ਕਰਮਚਾਰੀਆਂ ਨੂੰ ਧਮਕਾਉਂਦਾ ਸੀ। ਹਾਲ ਹੀ ‘ਚ ਉਸਦੀ ਇਸ ਅਹੁਦੇ ‘ਤੇ ਦੁਬਾਰਾ ਤਾਇਨਾਤੀ ਹੋਈ ਸੀ।
ਇੰਦੌਰ ਲੋਕਾਯੁਕਤ ਦੇ ਟੀਆਈ ਆਸ਼ੂਤੋਸ਼ ਮਿਠਾਸ ਨੇ ਦੱਸਿਆ ਕਿ ਅਰੋੜਾ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਜਾਰੀ ਹੈ। ਇਸ ਮਾਮਲੇ ਨੇ ਵਿਭਾਗ ਵਿੱਚ ਪੁਰਾਣੇ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ ਦੀ ਮੰਗ ਨੂੰ ਤੇਜ਼ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਰੋੜਾ ਦੀ ਜਾਇਦਾਦ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਸਦੇ ਕੋਲ ਆਮਦਨ ਤੋਂ ਵੱਧ ਸੰਪਤੀ ਹੋਣ ਦੀ ਸੰਭਾਵਨਾ ਹੈ।