ਦਿੱਲੀ : ਤਬੀਬੀ ਜਗਤ ਵਿੱਚ ਇੱਕ ਅਜਿਹੀ ਗੰਭੀਰ ਬਿਮਾਰੀ ਹੈ ਜੋ ਅਕਸਰ ਮਰੀਜ਼ ਅਤੇ ਉਸਦੇ ਪਰਿਵਾਰ ਲਈ ਵੱਡੀ ਚਿੰਤਾ ਦਾ ਕਾਰਨ ਬਣਦੀ ਹੈ। ਇਸ ਬਿਮਾਰੀ ਨੂੰ ਮਲਟੀਪਲ ਆਰਗਨ ਫੇਲੀਅਰ (Multiple Organ Failure) ਜਾਂ ਮਲਟੀਪਲ ਆਰਗਨ ਡਿਸਫੰਕਸ਼ਨ ਸਿੰਡਰੋਮ (Multiple Organ Dysfunction Syndrome – MODS) ਕਿਹਾ ਜਾਂਦਾ ਹੈ। ਇਹ ਹਾਲਤ ਉਸ ਵੇਲੇ ਬਣਦੀ ਹੈ ਜਦੋਂ ਸਰੀਰ ਦੇ ਦੋ ਜਾਂ ਦੋ ਤੋਂ ਵੱਧ ਅੰਗ ਇੱਕੋ ਸਮੇਂ ਕੰਮ ਕਰਨਾ ਬੰਦ ਕਰ ਦਿੰਦੇ ਹਨ। ਤਬੀਬਾਂ ਦੇ ਅਨੁਸਾਰ, ਇਹ ਸਥਿਤੀ ਜਾਨਲੇਵਾ ਹੋ ਸਕਦੀ ਹੈ ਅਤੇ ਜ਼ਿਆਦਾਤਰ ਇਹ ਕਿਸੇ ਗੰਭੀਰ ਇਨਫੈਕਸ਼ਨ, ਵੱਡੇ ਟਰਾਮੇ ਜਾਂ ਪੁਰਾਣੀ ਬਿਮਾਰੀ ਦੇ ਪੇਚੀਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਸਰੀਰ ਦੀ ਇਮਿਊਨ ਸਿਸਟਮ ਕਿਸੇ ਵੱਡੀ ਬਿਮਾਰੀ ਜਾਂ ਇਨਫੈਕਸ਼ਨ ਦੇ ਕਾਰਨ ਬਹੁਤ ਤੇਜ਼ ਪ੍ਰਤੀਕਿਰਿਆ ਕਰਦੀ ਹੈ, ਤਾਂ ਇਹ ਪੂਰੇ ਸਰੀਰ ਵਿੱਚ ਸੋਜ ਪੈਦਾ ਕਰ ਸਕਦੀ ਹੈ। ਇਹ ਸੋਜ ਹੌਲੀ-ਹੌਲੀ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਉਹ ਆਪਣਾ ਕੰਮ ਛੱਡਣ ਲੱਗਦੇ ਹਨ।
ਮਲਟੀਪਲ ਆਰਗਨ ਫੇਲ੍ਹ ਹੋਣ ਦੇ ਮੁੱਖ ਕਾਰਨ
ਮਾਹਿਰਾਂ ਦੇ ਅਨੁਸਾਰ ਇਸ ਹਾਲਤ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ –
- ਗੰਭੀਰ ਇਨਫੈਕਸ਼ਨ (ਸੈਪਸਿਸ): ਸਭ ਤੋਂ ਆਮ ਕਾਰਨ ਹੈ। ਜਦੋਂ ਇਨਫੈਕਸ਼ਨ ਪੂਰੇ ਸਰੀਰ ਵਿੱਚ ਫੈਲਦਾ ਹੈ ਤਾਂ ਇਹ ਬੇਹੱਦ ਸੋਜ ਦਾ ਕਾਰਨ ਬਣਦਾ ਹੈ।
- ਵੱਡੀ ਸੱਟ ਜਾਂ ਟਰਾਮਾ: ਗੰਭੀਰ ਹਾਦਸੇ, ਜਲਣ ਜਾਂ ਅੰਦਰੂਨੀ ਸੱਟਾਂ ਅੰਗਾਂ ਨੂੰ ਸਿੱਧਾ ਨੁਕਸਾਨ ਪਹੁੰਚਾ ਦਿੰਦੀਆਂ ਹਨ।
- ਪੁਰਾਣੀਆਂ ਗੰਭੀਰ ਬਿਮਾਰੀਆਂ: ਦਿਲ ਦਾ ਦੌਰਾ, ਜਿਗਰ ਫੇਲ੍ਹ ਹੋਣਾ, ਪੈਨਕ੍ਰੇਟਾਈਟਿਸ ਜਾਂ ਸ਼ੂਗਰ ਵਰਗੀਆਂ ਬਿਮਾਰੀਆਂ ਇਸਦਾ ਜੋਖਮ ਵਧਾਉਂਦੀਆਂ ਹਨ।
- ਜ਼ਹਿਰੀਲੇ ਪਦਾਰਥ ਜਾਂ ਜ਼ਹਿਰ: ਨੁਕਸਾਨਦੇਹ ਕੈਮਿਕਲ ਜਾਂ ਜ਼ਹਿਰਲੇ ਤੱਤਾਂ ਦੇ ਸੰਪਰਕ ਵਿੱਚ ਆਉਣਾ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ।
- ਖੂਨ ਦਾ ਘੱਟ ਪ੍ਰਵਾਹ ਜਾਂ ਝਟਕਾ: ਖੂਨ ਵਹਿਣਾ, ਦਿਲ ਦੀ ਅਸਫਲਤਾ ਜਾਂ ਡੀਹਾਈਡਰੇਸ਼ਨ ਕਾਰਨ ਅੰਗਾਂ ਨੂੰ ਆਕਸੀਜਨ ਤੇ ਪੌਸ਼ਟਿਕ ਤੱਤ ਨਹੀਂ ਮਿਲਦੇ, ਜਿਸ ਨਾਲ ਉਹ ਬੰਦ ਹੋ ਸਕਦੇ ਹਨ।
ਇਹ ਹਨ ਮਲਟੀਪਲ ਆਰਗਨ ਫੇਲ੍ਹ ਹੋਣ ਦੇ ਲੱਛਣ
MODS ਦੇ ਲੱਛਣ ਇਸ ਗੱਲ ‘ਤੇ ਨਿਰਭਰ ਕਰਦੇ ਹਨ ਕਿ ਕਿਹੜਾ ਅੰਗ ਪ੍ਰਭਾਵਿਤ ਹੋਇਆ ਹੈ, ਪਰ ਕੁਝ ਆਮ ਸੰਕੇਤ ਇਹ ਹਨ:
- ਸਾਹ ਲੈਣ ਵਿੱਚ ਮੁਸ਼ਕਲ
- ਮਾਨਸਿਕ ਸਥਿਤੀ ਵਿੱਚ ਤਬਦੀਲੀ (ਉਲਝਣ, ਬੇਹੋਸ਼ੀ)
- ਪਿਸ਼ਾਬ ਦੀ ਮਾਤਰਾ ਘੱਟ ਹੋਣਾ
- ਸਰੀਰ ਵਿੱਚ ਅਚਾਨਕ ਸੋਜ
- ਪੇਟ ਦਰਦ ਅਤੇ ਪਾਚਨ ਦੀਆਂ ਸਮੱਸਿਆਵਾਂ
- ਸਕਿਨ ਜਾਂ ਅੱਖਾਂ ਦਾ ਪੀਲਾ ਹੋਣਾ (ਪੀਲੀਆ)
- ਛਾਤੀ ਵਿੱਚ ਦਰਦ ਜਾਂ ਦਬਾਅ ਮਹਿਸੂਸ ਹੋਣਾ
- ਲਗਾਤਾਰ ਕਮਜ਼ੋਰੀ ਅਤੇ ਥਕਾਵਟ
- ਘੱਟ ਬਲੱਡ ਪ੍ਰੈਸ਼ਰ ਅਤੇ ਸਕਿਨ ਦੇ ਰੰਗ ਵਿੱਚ ਤਬਦੀਲੀ
ਤੁਰੰਤ ਇਲਾਜ ਲੈਣਾ ਕਿਉਂ ਹੈ ਜ਼ਰੂਰੀ?
ਡਾਕਟਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਲੱਛਣਾਂ ਦਾ ਅਚਾਨਕ ਅਨੁਭਵ ਹੋਵੇ, ਤਾਂ ਸਮਾਂ ਗਵਾਏ ਬਿਨਾਂ ਉਸਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਜਾਣਾ ਚਾਹੀਦਾ ਹੈ। ਮਲਟੀਪਲ ਆਰਗਨ ਫੇਲ੍ਹ ਹੋਣਾ ਇੱਕ ਮੈਡੀਕਲ ਐਮਰਜੈਂਸੀ ਹੈ। ਇਸਦਾ ਸਹੀ ਸਮੇਂ ‘ਤੇ ਇਲਾਜ ਕਰਵਾਉਣਾ ਜਾਨਾਂ ਬਚਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।
ਮਾਹਿਰਾਂ ਦੀ ਸਲਾਹ ਹੈ ਕਿ ਜਾਗਰੂਕਤਾ, ਸਿਹਤ ਦੀ ਸਹੀ ਦੇਖਭਾਲ ਅਤੇ ਬਿਮਾਰੀਆਂ ਦਾ ਵਕ਼ਤ ‘ਤੇ ਇਲਾਜ ਕਰਵਾਉਣਾ ਇਸ ਖ਼ਤਰਨਾਕ ਹਾਲਤ ਤੋਂ ਬਚਾਅ ਦੇ ਲਈ ਸਭ ਤੋਂ ਵੱਡਾ ਹਥਿਆਰ ਹੈ।