ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਦੇ ਕਲੱਬ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ, ਫ਼ਰੀਦਕੋਟ (ਪੰਜਾਬ) ਦਾ ਰਹਿਣ ਵਾਲਾ ਦੀਪਕ 26 ਨਵੰਬਰ 2024 ਨੂੰ ਚੰਡੀਗੜ੍ਹ ਦੇ ਸੇਵਿਲ ਬਾਰ ਐਂਡ ਲਾਉਂਜ ਦੇ ਬਾਹਰ ਕਰੂਡ ਬੰਬ ਸੁੱਟਣ ਵਿੱਚ ਸ਼ਾਮਲ ਸੀ। ਧਮਾਕੇ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ।
ਪੁਲਿਸ ਨੇ ਖੁਲਾਸਾ ਕੀਤਾ ਕਿ ਦੀਪਕ ਲੰਬੇ ਸਮੇਂ ਤੋਂ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਇਸ ਮਾਮਲੇ ਵਿੱਚ ਪੁਲਿਸ ਉਸ ਨਾਲ ਵਧੇਰੇ ਪੁੱਛਗਿੱਛ ਕਰ ਰਹੀ ਹੈ।
ਯਾਦ ਰਹੇ ਕਿ 26 ਨਵੰਬਰ 2024 ਨੂੰ ਚੰਡੀਗੜ੍ਹ ਦੇ ਦੋ ਕਲੱਬਾਂ — ਬਾਦਸ਼ਾਹ ਦਾ ਸੇਵਿਲ ਬਾਰ ਐਂਡ ਲਾਉਂਜ ਅਤੇ ਡੀ ਓਰਾ ਕਲੱਬ — ਦੇ ਬਾਹਰ ਲਗਾਤਾਰ ਦੋ ਧਮਾਕੇ ਹੋਏ ਸਨ। ਸੀਸੀਟੀਵੀ ਫੁਟੇਜ ਵਿੱਚ ਇੱਕ ਵਿਅਕਤੀ ਨੂੰ ਬੰਬ ਸੁੱਟਣ ਅਤੇ ਭੱਜਣ ਦੀ ਘਟਨਾ ਕੈਦ ਹੋਈ ਸੀ। ਧਮਾਕਿਆਂ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਤਾਕਤਵਰ ਧਮਾਕਿਆਂ ਨਾਲ ਕਲੱਬਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਸਨ।