Site icon Punjab Mirror

ਪੁਰਾਣੇ ਨਾਂ ਤੋਂ ਪ੍ਰੇਸ਼ਾਨ ਸਨ ਦੇਸ਼ ਦੇ ਲੋਕ ,ਹੁਣ ‘ਤੁਰਕੀਯੇ’ ਨਾਂ ਨਾਲ ਜਾਣਿਆ ਜਾਏਗਾ ਤੁਰਕੀ

ਤੁਰਕੀ ਹੁਣ ਤੁਰਕੀਯੇ ਦੇ ਨਾਂ ਤੋਂ ਜਾਣਿਆ ਜਾਏਗਾ। ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਦੀ ਸਰਕਾਰ ਨੇ ਦਸੰਬਰ ਵਿੱਚ ਇਸ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਸੰਯੁਕਤ ਰਾਸ਼ਟਰ ਸੰਗਠਨ ਨੇ ਵੀ ਇਸ ਨਵੇਂ ਨਾਂ ਨੂੰ ਮਾਣਤਾ ਦੇ ਦਿੱਤੀ ਹੈ।

ਸੰਯੁਕਤ ਰਾਸ਼ਟਰ ਸੰਗਠਨ (ਯੂ.ਐੱਨ.) ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਬੁੱਧਵਾਰ ਨੂੰ ਕਿਹਾ – ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਇੱਕ ਚਿੱਠੀ ਲਿਖ ਕੇ ਕਿਹਾ ਸੀ ਕਿ ਹੁਣ ਉਨ੍ਹਾਂ ਦੇ ਦੇਸ਼ ਨੂੰ ਤੁਰਕੀ ਨਹੀਂ ਸਗੋਂ ਤੁਰਕੀਯੇ ਦੇ ਨਾਂ ਨਾਲ ਜਾਣਿਆ ਜਾਵੇ, ਅਸੀਂ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।

ਦਰਅਸਲ ਸਰਕਾਰ ਦੁਨੀਆ ਵਿੱਚ ਤੁਰਕੀਯੇ ਨੂੰ ਬ੍ਰਾਂਡ ਨੇਮ ਬਣਾਉਣਾ ਚਾਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਤੁਰਕੀ ਜਾਂ ਤੁਰਕੀ ਸ਼ਬਦ ਨੂੰ ਉਥੋਂ ਦੀ ਭਾਸ਼ਾ ਮੁਤਾਬਕ ਨੈਗੇਟਿਵ ਮੰਨਿਆ ਜਾਂਦਾ ਹੈ। ਇਸ ਕਰਕੇ ਇੱਥੋਂ ਦੇ ਨਾਗਰਿਕ 1923 ਵਿੱਚ ਤੁਰਕੀ ਦੀ ਆਜ਼ਾਦੀ ਦੇ ਐਲਾਨ ਤੋਂ ਬਾਅਦ ਤੋਂ ਹੀ ਇਸ ਨੂੰ ‘ਤੁਰਕੀਏ’ ਕਹਿ ਕੇ ਬੁਲਾਉਂਦੇ ਆ ਰਹੇ ਹਨ। ਏਰਦੋਆਨ ਲੰਬੇ ਸਮੇਂ ਤੋਂ “ਤੁਰਕੀਏ” (ਉਚਾਰਨ: ਤੁਰ-ਕੀ-ਯਾਯ) ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸੰਯੁਕਤ ਰਾਸ਼ਟਰ ਦੀ ਮਾਨਤਾ ਤੋਂ ਬਾਅਦ ਇਹ ਕੋਸ਼ਿਸ਼ ਹੁਣ ਸਫ਼ਲਤਾ ਵਿੱਚ ਬਦਲ ਗਈ ਹੈ।

ਪਿਛਲੇ ਸਾਲ ਰਾਸ਼ਟਰਪਤੀ ਏਰਦੋਆਨ ਨੇ ਤੁਰਕੀ ਦੇ ਸੱਭਿਆਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰਕੀ ਦੀ ਬਜਾਏ “ਤੁਰਕੀਯੇ” ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਹੁਕਮ ਮੁਤਾਬਕ ਸਾਰੇ ਵਿਦੇਸ਼ੀ ਨਿਰਯਾਤ ਉਤਪਾਦਾਂ ‘ਤੇ ‘ਮੇਡ ਇਨ ਤੁਰਕੀ’ ਦੀ ਬਜਾਏ ‘ਮੇਡ ਇਨ ਤੁਰਕੀਯੇ’ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਤੁਰਕੀ ਦੇ ਸਾਰੇ ਮੰਤਰਾਲਿਆਂ ਨੇ ਵੀ ਸਰਕਾਰੀ ਦਸਤਾਵੇਜ਼ਾਂ ਵਿੱਚ “ਤੁਰਕੀਯੇ” ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸਰਕਾਰ ਨੇ ਨਾਮ ਅੰਗਰੇਜ਼ੀ ਵਿੱਚ ਬਦਲਣ ਲਈ ਲਗਾਤਾਰ ਪ੍ਰਚਾਰ ਵੀ ਕੀਤਾ। ਟੂਰਿਜ਼ਮ ਪ੍ਰਮੋਸ਼ਨ ਵੀਡੀਓ ਵਿੱਚ ਤੁਰਕੀ ਨੂੰ ‘ਹੈਲੋ ਤੁਰਕੀਯੇ’ ਕਹਿ ਰਹੇ ਸਨ।

ਤੁਰਕੀ ਦੇ ਸੰਚਾਰ ਡਾਇਰੈਕਟੋਰੇਟ ਨੇ ਕਿਹਾ ਹੈ – ਅਸੀਂ ਅੰਤਰਰਾਸ਼ਟਰੀ ਪਲੇਟਫਾਰਮਾਂ ‘ਤੇ ਤੁਰਕੀਯੇ ਦੇ ਤੌਰ ‘ਤੇ ਵਰਤੇ ਜਾਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਤੁਰਕੀ ਦੇ ਰਾਸ਼ਟਰੀ ਪ੍ਰਸਾਰਕ ਟੀਆਰਟੀ ਵਰਲਡ ਨੇ ਦੇਸ਼ ਦਾ ਨਾਮ ਬਦਲਣ ਦੇ ਹੱਕ ਵਿੱਚ ਦਲੀਲ ਦਿੰਦੇ ਹੋਏ ਕਿਹਾ – ਤੁਰਕੀ ਆਪਣੇ ਦੇਸ਼ ਨੂੰ “ਤੁਰਕੀਯੇ” ਅਖਵਾਉਣਾ ਪਸੰਦ ਕਰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਬਾਕੀ ਦੁਨੀਆ ਸਾਡੇ ਦੇਸ਼ ਨੂੰ ਤੁਰਕੀਯੇ ਨਾਂ ਵਜੋਂ ਜਾਣਨ।

ਤੁਰਕੀ ਸ਼ਬਦ ਵਿੱਚ ਕੀ ਗਲਤ ਹੈ?
ਤੁਰਕੀ ਦੇ ਕਈ ਅਰਥ ਹਨ। ਦਰਅਸਲ ਤੁਰਕੀ ਨੂੰ ਅੰਗਰੇਜ਼ੀ ਵਿੱਚ ਟਰਕੀ ਕਿਹਾ ਜਾਂਦਾ ਹੈ। ਟਰਕੀ ਦਾ ਮਤਲਬ ਵੀ ਮੂਰਖ ਹੈ। ਇੰਨਾ ਹੀ ਨਹੀਂ ਇਸ ਦੀ ਵਰਤੋਂ ‘ਫੇਲੀਅਰ’ ਵਜੋਂ ਵੀ ਕੀਤੀ ਜਾਂਦੀ ਹੈ। ਟਰਕੀ ਨਾਂ ਦਾ ਇੱਕ ਪੰਛੀ ਵੀ ਹੈ। ਭਾਰਤ ਵਿੱਚ ਇਸ ਨੂੰ ਤਿੱਤਰ ਕਿਹਾ ਜਾਂਦਾ ਹੈ। ਉੱਤਰੀ ਅਮਰੀਕਾ ਵਿੱਚ ਕ੍ਰਿਸਮਸ ਦੀਆਂ ਪਾਰਟੀਆਂ ਵਿੱਚ ਇਸਦਾ ਮਾਸ ਪਰੋਸਣਾ ਅਤੇ ਖਾਣਾ ਆਮ ਗੱਲ ਹੈ। ਇਸ ਲਈ ਟਰਕੀ ਆਪਣੇ ਇਸ ਨਾਂ ਨੂੰ ਬਦਲ ਕੇ ਤੁਰਕੀ ਭਾਸ਼ਾ ਦੇ ਹਿਸਾਬ ਨਾਲ ਤੁਰਕੀਯੇ ਰੱਖਣਾ ਚਾਹੁੰਦਾ ਹੈ। ਵੈਸੇ ਵੀ ਟਰਕਿਸ਼ ਭਾਸ਼ਾ ਵਿੱਚ ਟਰਕੀਯੇ ਹੀ ਹੈ। ਇਹ ਵੱਖਰੀ ਗੱਲ ਹੈ ਕਿ ਦੁਨੀਆ ਦੇ ਸਾਰੇ ਮੁਲਕਾਂ ਵਿੱਚ ਟਰਕੀਯੇ ਦੀ ਥਾਂ ਟਰਕੀ ਕਿਹਾ ਜਾਂਦਾ ਸੀ।

Exit mobile version