Site icon Punjab Mirror

ਦੇਸ਼ ਵਿੱਚ ਸਭ ਤੋਂ ਉਚਾਈ ‘ਤੇ ਬਣੇ ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਹੁਣ ਤੱਕ ਕਰੀਬ 2 ਲੱਖ 19 ਹਜ਼ਾਰ ਸ਼ਰਧਾਲੂਆਂ ਨੇ ਟੇਕਿਆ ਮੱਥਾ

ਦੇਸ਼ ਵਿੱਚ ਸਭ ਤੋਂ ਉਚਾਈ ‘ਤੇ ਬਣੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸੋਮਵਾਰ ਨੂੰ ਦੁਪਹਿਰ 1:30 ਵਜੇ ਬੰਦ ਹੋ ਜਾਣਗੇ । ਇੱਥੇ ਇਨ੍ਹੀਂ ਦਿਨੀਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਸ ਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਸੋਮਵਾਰ ਨੂੰ ਜਦੋਂ ਕਪਾਟ ਬੰਦ ਹੋਣਗੇ ਤਾਂ ਲਗਭਗ 1500 ਸਿੱਖ ਸ਼ਰਧਾਲੂ ਉਥੇ ਮੌਜੂਦ ਹੋਣਗੇ।

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਕਰਨ ਦੀ ਪ੍ਰਕਿਰਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ । ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ । ਇਸ ਤੋਂ ਬਾਅਦ 11.15 ਵਜੇ ਤੋਂ ਸ਼ਬਦ-ਕੀਰਤਨ ਹੋਵੇਗਾ । ਇਸ ਦੇ ਨਾਲ ਦੁਪਹਿਰ 12.30 ਵਜੇ ਅੰਤਿਮ ਅਰਦਾਸ ਅਤੇ 1 ਵਜੇ ਹੁਕਮਨਾਮਾ ਲਿਆ ਜਾਵੇਗਾ। ਇਸ ਤੋਂ ਬਾਅਦ ਦੁਪਹਿਰ 1:05 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਗਰਭ ਗ੍ਰਹਿ ਸਤਖੰਡ ਵਿੱਚ ਲਿਆਂਦਾ ਜਾਵੇਗਾ । ਠੀਕ 1.30 ਵਜੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦੀਆਂ ਲਈ ਬੰਦ ਕਰ ਦਿੱਤੇ ਜਾਣਗੇ।

ਦੱਸ ਦੇਈਏ ਕਿ ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਖੋਲ੍ਹੇ ਗਏ ਸਨ । ਕਪਾਟ ਖੁੱਲ੍ਹਣ ਤੋਂ ਬਾਅਦ ਹੁਣ ਤੱਕ 2 ਲੱਖ 19 ਹਜ਼ਾਰ ਸਿੱਖ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸਨਾਨ ਕਰ ਕੇ ਮੱਥਾ ਟੇਕ ਚੁੱਕੇ ਹਨ । ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਮੁੰਦਰ ਤੋਂ ਕਰੀਬ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਹੈ।ਸ਼ੁੱਕਰਵਾਰ ਰਾਤ ਤੋਂ ਹੀ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੀਆਂ ਪਹਾੜੀਆਂ ‘ਤੇ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ । ਦੋਵਾਂ ਧਾਮਾਂ ਵਿੱਚ ਰੁਕ-ਰੁਕ ਕੇ ਮੀਂਹ ਵੀ ਪੈ ਰਿਹਾ ਹੈ। ਹੇਮਕੁੰਟ ਸਾਹਿਬ ਦੀਆਂ ਉੱਚੀਆਂ ਚੋਟੀਆਂ ‘ਤੇ ਵੀ ਬਰਫਬਾਰੀ ਹੋਈ ਹੈ।

Exit mobile version