Site icon Punjab Mirror

ਆਟਾ-ਮੈਦਾ ਤੇ ਬ੍ਰੈੱਡ ਦੀਆਂ ਵਧੀਆਂ ਕੀਮਤਾਂ ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਝਟਕਾ

ਪੰਜਾਬ ਵਿੱਚ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਭਾਰਤੀ ਖੁਰਾਕ ਨਿਗਮ (ਐਫਸੀਆਈ) ਦੇ ਭਰੋਸੇ ਦੇ ਬਾਵਜੂਦ ਪਿਛਲੇ 5 ਮਹੀਨਿਆਂ ਤੋਂ ਕਣਕ ਦੇ ਟੈਂਡਰ ਜਾਰੀ ਨਾ ਹੋਣ ਕਾਰਨ ਪੰਜਾਬ ਦੀਆਂ ਆਟਾ ਮਿੱਲਾਂ ਵਿੱਚ ਕੰਮ ਲਗਭਗ ਠੱਪ ਹੋ ਕੇ ਰਹਿ ਗਿਆ ਹੈ। ਇਸ ਕਾਰਨ ਆਟਾ ਅਤੇ ਮੈਦਾ ਸਣੇ ਇਨ੍ਹਾਂ ਤੋਂ ਬਣੇ ਉਤਪਾਦ ਬਾਜ਼ਾਰ ਵਿੱਚ ਮਹਿੰਗੇ ਹੋ ਗਏ ਹਨ। ਆਟੇ ਅਤੇ ਮੈਦੇ ਦੀ ਕੀਮਤ 15 ਤੋਂ 20 ਰੁਪਏ ਪ੍ਰਤੀ 10 ਕਿਲੋ ਵਧ ਗਈ ਹੈ, ਜਦਕਿ ਵੱਖ-ਵੱਖ ਬ੍ਰਾਂਡਾਂ ਦੀ ਬ੍ਰੈੱਡ ਵੀ 5 ਰੁਪਏ ਮਹਿੰਗੀ ਹੋ ਹੈ।

ਦੂਜੇ ਰਾਜਾਂ ਤੋਂ ਕਣਕ ਦੀ ਆਮਦ ਤੋਂ ਇੱਕ ਮਹੀਨਾ ਪਹਿਲਾਂ ਹੀ ਪੰਜਾਬ ਵਿੱਚ ਕਣਕ ਦੀ ਘਾਟ ਪੈਦਾ ਹੋ ਗਈ ਹੈ। ਇਸ ਕਾਰਨ ਆਟੇ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ। ਜ਼ਿਕਰਯੋਗ ਹੈ ਕਿ FCI ਵੱਲੋਂ ਰਾਜਾਂ ਨੂੰ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਟੈਂਡਰ ਜਾਰੀ ਨਾ ਹੋਣ ਕਾਰਨ ਇਸ ਵਿੱਚ ਦੇਰੀ ਹੋਈ ਹੈ।

ਜਾਣਕਾਰੀ ਮੁਤਾਬਕ ਦੋ ਦਿਨਾਂ ਵਿੱਚ ਆਟੇ ਦੀ ਕੀਮਤ ਵਿੱਚ 300 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਦਾ ਵਾਧਾ ਹੋਇਆ ਹੈ। ਇੱਕ ਹਫ਼ਤਾ ਪਹਿਲਾਂ ਜਿੱਥੇ ਆਟੇ ਦੀ ਕੀਮਤ 3,400 ਰੁਪਏ ਪ੍ਰਤੀ ਕੁਇੰਟਲ ਸੀ, ਹੁਣ ਇਸ ਦੀ ਕੀਮਤ 3,700 ਤੋਂ 3,800 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਦਰਜ ਕੀਤੀ ਗਈ ਹੈ। ਕੇਂਦਰੀ ਏਜੰਸੀ ਆਟਾ ਮਿੱਲਾਂ ਅਤੇ ਨਿੱਜੀ ਉੱਦਮੀਆਂ ਨੂੰ ਕਣਕ ਦੇਣ ਲਈ ਟੈਂਡਰ ਜਾਰੀ ਕਰਦੀ ਹੈ।

ਵਪਾਰੀਆਂ ਦਾ ਕਹਿਣਾ ਹੈ ਕਿ ਕੇਂਦਰੀ ਮੰਤਰਾਲਾ ਵੀ ਕਣਕ ਦੀ ਕਿੱਲਤ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਿਆ ਕਿਉਂਕਿ ਪਿਛਲੇ ਕਣਕ ਦੇ ਸੀਜ਼ਨ ਦੇ ਮੁਕਾਬਲੇ ਇਸ ਵਾਰ ਦੇਸ਼ ਵਿੱਚ ਕਣਕ ਦੀ ਪੈਦਾਵਾਰ ਕਰੀਬ 10 ਫੀਸਦੀ ਘੱਟ ਦੱਸੀ ਜਾਂਦੀ ਹੈ। ਲੁਧਿਆਣਾ ਦੀ ਆਟਾ ਮਿੱਲ ਦੇ ਸੰਚਾਲਕ ਸੁਨੀਲ ਜਸਵਾਲ ਨੇ ਦੱਸਿਆ ਕਿ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਕਣਕ ਦਾ ਢੁਕਵਾਂ ਸਟਾਕ ਨਾ ਮਿਲਣ ਕਾਰਨ ਮਿੱਲ ਦਾ ਕੰਮ ਲਗਭਗ ਠੱਪ ਹੋ ਗਿਆ ਹੈ। ਇਸ ਦਾ ਅਸਰ ਮਹਿੰਗਾਈ ‘ਤੇ ਪੈਣ ਲੱਗਾ ਹੈ।

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਦੇਸ਼ ਤੋਂ ਕਰੀਬ 4.5 ਮਿਲੀਅਨ ਟਨ ਕਣਕ ਦੀ ਬਰਾਮਦ ਕੀਤੀ ਗਈ ਸੀ। ਇਹ ਵੀ ਦੇਸ਼ ਵਿੱਚ ਕਣਕ ਦੀ ਕਮੀ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸੂਬੇ ਦੀਆਂ ਆਟਾ ਮਿੱਲਾਂ ਨੂੰ ਉਮੀਦ ਹੈ ਕਿ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਕਣਕ ਦੀ ਆਮਦ 28 ਫਰਵਰੀ ਤੋਂ ਸ਼ੁਰੂ ਹੋ ਸਕਦੀ ਹੈ, ਕਿਉਂਕਿ ਕੜਾਕੇ ਦੀ ਗਰਮੀ ਕਾਰਨ ਉਨ੍ਹਾਂ ਸੂਬਿਆਂ ‘ਚ ਕਣਕ ਦੀ ਆਮਦ ਫਰਵਰੀ ‘ਚ ਸ਼ੁਰੂ ਹੋ ਜਾਂਦੀ ਹੈ, ਜਦਕਿ ਪੰਜਾਬ ‘ਚ ਅਪ੍ਰੈਲ ‘ਚ ਕਣਕ ਦੀ ਆਮਦ ਹੋਵੇਗੀ।

Exit mobile version