ਬਢਲਾਡਾ– ਸਥਾਨਕ ਸ਼ਹਿਰ ਵਿੱਚ ਦੋ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਨਾਲ ਸੋਗ ਦੀ ਲਹਿਰ ਦੌੜ ਗਈ। ਸਵ. ਦੇਵਦੱਤ ਸ਼ਰਮਾ, ਜੋ ਪੰਚਾਇਤੀ ਦੁਰਗਾ ਮੰਦਰ ਦੇ ਪੁਰਾਣੇ ਪੁਜਾਰੀ ਸਨ, ਦੇ ਪਰਿਵਾਰ ’ਤੇ ਕਾਲ ਉਸ ਵੇਲੇ ਟੁੱਟ ਪਈ ਜਦੋਂ ਛੋਟਾ ਪੁੱਤਰ ਸੁਭਾਸ਼ ਸ਼ਰਮਾ (45) ਬਰਨਾਲਾ ਤੋਂ ਆ ਕੇ ਘਰ ਵਿੱਚ ਦੁਕਾਨਾਂ ਦੀ ਉਸਾਰੀ ਮੌਕੇ ਪੂਜਾ ਕਰ ਰਿਹਾ ਸੀ। ਇਸ ਦੌਰਾਨ ਉਸਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਮੌਤ ਹੋ ਗਈ।
ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਵੱਡਾ ਭਰਾ ਰਮੇਸ਼ ਕੁਮਾਰ ਕਾਲਾ ਪੰਡਿਤ (55) ਸਦਮੇ ਨਾਲ ਬੇਹੋਸ਼ ਹੋ ਗਿਆ। ਹਸਪਤਾਲ ਪਹੁੰਚਾਉਣ ’ਤੇ ਡਾਕਟਰਾਂ ਨੇ ਉਸਨੂੰ ਵੀ ਮ੍ਰਿਤ ਘੋਸ਼ਿਤ ਕਰ ਦਿੱਤਾ। ਦੋਵਾਂ ਦੀ ਅਚਾਨਕ ਮੌਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ, ਕਿਉਂਕਿ ਇਹ ਪਰਿਵਾਰ ਪਿਛਲੇ 80 ਸਾਲਾਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਪੁਜਾਰੀ ਸੇਵਾ ਕਰਦਾ ਆ ਰਿਹਾ ਸੀ।
ਹਿੰਦੂ ਸੰਸਥਾਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬਰਫਾਨੀ ਆਸ਼ਰਮ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਅਤੇ ਮੰਡਲ ਨੇ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ’ਤੇ ਭਾਜਪਾ ਨੇਤਾ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਅਕਾਲੀ ਆਗੂ ਠੇਕੇਦਾਰ ਗੁਰਪਾਲ ਸਿੰਘ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।