Site icon Punjab Mirror

ਬੂਸਟਰ ਡੋਜ਼ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ, 15 ਜੁਲਾਈ ਤੋਂ 18-59 ਉਮਰ ਵਾਲਿਆਂ ਨੂੰ ਸਰਕਾਰੀ ਕੇਂਦਰਾਂ ‘ਤੇ ਫ੍ਰੀ ਲੱਗੇਗੀ ਬੂਸਟਰ ਡੋਜ਼

ਬੂਸਟਰ ਡੋਜ਼ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ 15 ਜੁਲਾਈ ਤੋਂ ਸਰਕਾਰੀ ਕੇਂਦਰਾਂ ‘ਤੇ 18-59 ਸਾਲ ਦੇ ਉਮਰ ਵਾਲਿਆਂ ਨੂੰ ਫ੍ਰੀ ਬੂਸਟਰ ਡੋਜ਼ ਲਗਾਈ ਜਾਏਗੀ।

ਸਰਕਾਰ ਇਸ ਲਈ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਸਰਕਾਰ ਦੇ ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਕੋਰੋਨਾ ਦੀ ਬੂਸਟਰ ਡੋਜ਼ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ‘ਤੇ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਮੁਹਿੰਮ ਚਲਾਈ ਜਾਵੇਗੀ।

ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਹੁਣ ਤੱਕ 18 ਤੋਂ 59 ਸਾਲ ਦੀ ਉਮਰ ਦੀ 77 ਕਰੋੜ ਯੋਗ ਆਬਾਦੀ ਵਿੱਚੋਂ ਇੱਕ ਫੀਸਦੀ ਤੋਂ ਵੀ ਘੱਟ ਨੂੰ ਅਹਿਤਿਆਤੀ ਖੁਰਾਕ ਦਿੱਤੀ ਗਈ ਹੈ। ਹਾਲਾਂਕਿ, 60 ਸਾਲ ਤੋਂ ਵੱਧ ਉਮਰ ਦੇ ਲਗਭਗ 16 ਕਰੋੜ ਲੋਕਾਂ ਅਤੇ ਲਗਭਗ 26 ਪ੍ਰਤੀਸ਼ਤ ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਨੇ ਬੂਸਟਰ ਡੋਜ਼ ਲਾਈਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਭਾਰਤ ਦੀ ਬਹੁਗਿਣਤੀ ਆਬਾਦੀ ਨੇ ਨੌਂ ਮਹੀਨੇ ਪਹਿਲਾਂ ਆਪਣੀ ਦੂਜੀ ਖੁਰਾਕ ਲਈ ਸੀ।

ICMR ਅਤੇ ਹੋਰ ਅੰਤਰਰਾਸ਼ਟਰੀ ਖੋਜ ਸੰਸਥਾਵਾਂ ਵਿੱਚ ਕੀਤੀ ਗਈ ਸਟੱਡੀ ਤੋਂ ਪਤਾ ਲੱਗਦਾ ਹੈ ਕਿ ਵੈਕਸੀਨ ਦੀਆਂ ਦੋ ਸ਼ੁਰੂਆਤੀ ਖੁਰਾਕਾਂ ਲੈਣ ਤੋਂ ਬਾਅਦ ਲਗਭਗ ਛੇ ਮਹੀਨਿਆਂ ਵਿੱਚ ਐਂਟੀਬਾਡੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਇੱਕ ਬੂਸਟਰ ਖੁਰਾਕ ਤੋਂ ਬਾਅਦ ਪ੍ਰਤੀਰੋਧਕ ਸ਼ਕਤੀ ਵਧ ਜਾਂਦੀ ਹੈ। ਇਸ ਲਈ, ਸਰਕਾਰ 75 ਦਿਨਾਂ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਵਿੱਚ 15 ਜੁਲਾਈ ਤੋਂ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ 18 ਸਾਲ ਤੋਂ 59 ਸਾਲ ਦੀ ਉਮਰ ਦੇ ਲੋਕਾਂ ਨੂੰ ਮੁਫਤ ਰੋਕਥਾਮ ਖੁਰਾਕਾਂ ਦਿੱਤੀਆਂ ਜਾਣਗੀਆਂ।

ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਹਫਤੇ ਸਾਰਿਆਂ ਲਈ ਕੋਵਿਡ ਵੈਕਸੀਨ ਦੀ ਦੂਜੀ ਅਤੇ ਅਹਿਤਿਆਤੀ ਖੁਰਾਕ ਵਿਚਾਲੇ ਵਕਫਾ ਨੌਂ ਮਹੀਨਿਆਂ ਤੋਂ ਘਟਾ ਕੇ ਛੇ ਮਹੀਨੇ ਕਰ ਦਿੱਤਾ ਸੀ। ਇਹ ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਸਿਫਾਰਿਸ਼ ‘ਤੇ ਕੀਤਾ ਗਿਆ ਸੀ। ਇਸ ਵੇਲੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ, ਜਿਨ੍ਹਾਂ ਨੇ ਦੂਜੀ ਖੁਰਾਕ ਲੈਣ ਦੇ ਨੌਂ ਮਹੀਨੇ ਪੂਰੇ ਕਰ ਲਏ ਹਨ, ਅਹਿਤਿਆਤੀ ਖੁਰਾਕ ਲਈ ਯੋਗ ਹਨ।

Exit mobile version