ਅਮਰੀਕਾ ਦੇ ਰਾਜ ਟੈਕਸਾਸ ਵਿੱਚ ਇੱਕ ਛੋਟੇ ਜਹਾਜ਼ ਨਾਲ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਟੈਰੈਂਟ ਕਾਉਂਟੀ ਦੇ ਹਿਕਸ ਏਅਰਫੀਲਡ ਨੇੜੇ ਇਹ ਜਹਾਜ਼ ਕਰੈਸ਼ ਹੋ ਕੇ ਟਰੱਕ ’ਤੇ ਜਾ ਡਿੱਗਿਆ, ਜਿਸ ਤੋਂ ਬਾਅਦ ਮੌਕੇ ’ਤੇ ਭਿਆਨਕ ਅੱਗ ਲੱਗ ਗਈ। ਅਮਰੀਕੀ ਸਮੇਂ ਅਨੁਸਾਰ ਦੁਪਹਿਰ ਕਰੀਬ 1:30 ਵਜੇ ਇਹ ਘਟਨਾ ਹੋਈ, ਜਿਸ ਨਾਲ ਸਥਾਨਕ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਵਿਚ ਹੜਕੰਪ ਮਚ ਗਿਆ।
ਫੋਰਟ ਵਰਥ ਫਾਇਰ ਡਿਪਾਰਟਮੈਂਟ ਦੇ ਮੁਤਾਬਕ, ਜਦੋਂ ਜਹਾਜ਼ ਹਵਾਈ ਅੱਡੇ ਦੇ ਨੇੜੇ ਉਤਰ ਰਿਹਾ ਸੀ, ਉਸ ਦੌਰਾਨ ਕਿਸੇ ਤਕਨੀਕੀ ਖਰਾਬੀ ਕਾਰਨ ਉਹ ਕਾਬੂ ਤੋਂ ਬਾਹਰ ਹੋ ਗਿਆ ਅਤੇ ਹੇਠਾਂ ਖੜੇ ਟਰੱਕ ਨਾਲ ਟਕਰਾ ਗਿਆ। ਟੱਕਰ ਦੇ ਨਾਲ ਹੀ ਜਹਾਜ਼ ਅੱਗ ਦੀ ਲਪੇਟ ਵਿੱਚ ਆ ਗਿਆ। ਖੁਸ਼ਕਿਸਮਤੀ ਨਾਲ, ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਕਰਮਚਾਰੀ, ਫਾਇਰ ਬ੍ਰਿਗੇਡ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਵਿੱਚ ਕੋਈ ਜ਼ਖਮੀ ਜਾਂ ਮ੍ਰਿਤਕ ਨਹੀਂ ਮਿਲਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਨੂੰ ਤੁਰੰਤ ਜਾਂਚ ਲਈ ਸੂਚਿਤ ਕਰ ਦਿੱਤਾ ਗਿਆ ਹੈ। ਦੋਵੇਂ ਏਜੰਸੀਆਂ ਨੇ ਹਾਦਸੇ ਦੀ ਵਿਸਥਾਰਿਤ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਜਹਾਜ਼ ਕਰੈਸ਼ ਦਾ ਕਾਰਨ ਕੀ ਸੀ।
ਦੱਸਣਯੋਗ ਹੈ ਕਿ ਇਹ ਹਾਦਸਾ ਡੱਲਾਸ-ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਵਾਪਰਿਆ ਹੈ। ਇਹ ਸਥਾਨ ਫੋਰਟ ਵਰਥ ਅਲਾਇੰਸ ਅਤੇ ਮੀਚਮ ਏਅਰਪੋਰਟ ਦੇ ਵਿਚਕਾਰ ਸਥਿਤ ਹੈ। ਸਥਾਨਕ ਮੀਡੀਆ ਅਨੁਸਾਰ, ਜਹਾਜ਼ ਦੀ ਉਡਾਨ ਕਿੱਥੋਂ ਸ਼ੁਰੂ ਹੋਈ ਸੀ ਅਤੇ ਇਸ ਦੀ ਮੰਜ਼ਿਲ ਕਿਹੜੀ ਸੀ, ਇਸ ਬਾਰੇ ਅਧਿਕਾਰਤ ਜਾਣਕਾਰੀ ਹਾਲੇ ਜਾਰੀ ਨਹੀਂ ਕੀਤੀ ਗਈ।
ਹਾਦਸੇ ਦੀ ਵੀਡੀਓ ਵੀ ਸਾਮ੍ਹਣੇ ਆਈ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਟਰੱਕ ਨਾਲ ਟਕਰਾਉਣ ਦੇ ਤੁਰੰਤ ਬਾਅਦ ਅੱਗ ਦੀਆਂ ਭਿਆਨਕ ਲਪਟਾਂ ਆਸਮਾਨ ਤੱਕ ਚੜ੍ਹਦੀਆਂ ਦਿਖਾਈ ਦਿੱਤੀਆਂ। ਸਥਾਨਕ ਲੋਕਾਂ ਨੇ ਇਹ ਮੰਜਰ ਦੇਖ ਕੇ ਦਹਿਸ਼ਤ ਵਿੱਚ ਪੁਲਿਸ ਅਤੇ ਰਾਹਤ ਦਲ ਨੂੰ ਸੂਚਿਤ ਕੀਤਾ।
ਫਿਲਹਾਲ ਪ੍ਰਸ਼ਾਸਨ ਨੇ ਆਲੇ ਦੁਆਲੇ ਦੇ ਖੇਤਰ ਨੂੰ ਸੁਰੱਖਿਆ ਕਾਰਣ ਬੰਦ ਕਰ ਦਿੱਤਾ ਹੈ ਅਤੇ ਸਾਰੇ ਤੱਥਾਂ ਦੀ ਜਾਂਚ ਜਾਰੀ ਹੈ।