ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਜ਼ਿਲ੍ਹੇ ਵਿੱਚ ਵਾਪਰੇ ਇੱਕ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ। ਗੁਆਂਢੀ ਜ਼ਿਲ੍ਹੇ ਬਹਿਰਾਈਚ ਦੇ ਮੰਗਲਪੁਰਵਾ ਪਿੰਡ ਦੇ 30 ਸਾਲਾ ਵਿਜੇ ਕੁਮਾਰ ਵਰਮਾ ਆਪਣੀ ਪਤਨੀ ਸੁਨੀਤਾ ਦੇਵੀ, ਭੈਣ, ਭਾਬੀ, 9 ਸਾਲਾ ਭਤੀਜੀ ਅਤੇ 1 ਸਾਲ ਦੇ ਪੁੱਤਰ ਨਾਲ ਇੱਕੋ ਮੋਟਰਸਾਈਕਲ ‘ਤੇ ਘਰ ਵਾਪਸ ਆ ਰਹੇ ਸਨ। ਰਸਤੇ ਵਿੱਚ ਹਾਸਿਆਂ ਅਤੇ ਗੱਲਾਂ-ਬਾਤਾਂ ਦਾ ਮਾਹੌਲ ਸੀ, ਪਰ ਹਰਦੱਤ ਨਗਰ ਦੇ ਰਹਿਮਤੂ ਪਿੰਡ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਟਰੈਕਟਰ-ਮਿਕਸਰ ਨੇ ਉਨ੍ਹਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਵਿਜੇ ਕੁਮਾਰ ਵਰਮਾ, 40 ਸਾਲਾ ਮੰਗਲਵਤੀ, 30 ਸਾਲਾ ਨੀਤੂ ਅਤੇ 9 ਸਾਲਾ ਗਿਆਨਵਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੰਭੀਰ ਜ਼ਖਮੀ ਸੁਨੀਤਾ ਦੇਵੀ ਅਤੇ ਉਸਦਾ 1 ਸਾਲ ਦਾ ਪੁੱਤਰ ਹਸਪਤਾਲ ਲਿਜਾਏ ਗਏ, ਜਿੱਥੇ ਇਲਾਜ ਦੌਰਾਨ ਦੋਵਾਂ ਦੀ ਵੀ ਜਾਨ ਚਲੀ ਗਈ। ਸੁਨੀਤਾ ਦੇਵੀ ਦੀ ਹਾਲਤ ਇਸ ਸਮੇਂ ਨਾਜ਼ੁਕ ਦੱਸੀ ਜਾ ਰਹੀ ਹੈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਸੀਨੀਅਰ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ।
ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੇ ਮਾਰੇ ਜਾਣ ਨਾਲ ਹਸਪਤਾਲ ਅਤੇ ਪਿੰਡ ਵਿੱਚ ਚੀਕ-ਚਿਹਾੜਾ ਮੱਚ ਗਿਆ। ਪੰਜ ਅਰਥੀਆਂ ਇੱਕੋ ਘਰ ਵਿੱਚੋਂ ਨਿਕਲਣ ਦੀ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਵਧੀਕ ਪੁਲਸ ਸੁਪਰਡੈਂਟ ਮੁਕੇਸ਼ ਚੰਦਰ ਉੱਤਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਫ਼ਰ ਦੌਰਾਨ ਓਵਰਲੋਡ ਤੋਂ ਬਚਣ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਤਾਂ ਜੋ ਅਜਿਹੇ ਦਿਲ ਦਹਿਲਾਉਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ।