ਪੰਜਾਬ ਸਰਕਾਰ ਦੇ ਵਿਰੋਧ ਦੇ ਬਾਵਜੂਦ, ਭਾਖੜਾ ਬੀਅਸ ਮੈਨੇਜਮੈਂਟ ਬੋਰਡ (BBMB) ਨੇ ਭਾਖੜਾ ਡੈਮ ‘ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਤਾਇਨਾਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। BBMB ਨੇ ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ 8.5 ਕਰੋੜ ਰੁਪਏ ਵੀ ਜਮ੍ਹਾਂ ਕਰਵਾ ਦਿੱਤੇ ਹਨ।ਜਦੋਂ ਜੁਲਾਈ ਵਿੱਚ BBMB ਦੀ ਮੀਟਿੰਗ ਹੋਈ ਸੀ, ਤਾਂ ਪੰਜਾਬ ਸਰਕਾਰ ਨੇ ਸੀਆਈਐਸਐਫ ਦੀ ਤਾਇਨਾਤੀ ਦਾ ਸਖ਼ਤ ਵਿਰੋਧ ਕੀਤਾ ਸੀ। ਇਨ੍ਹਾਂ ਹੀ ਸਥਿਤੀਆਂ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਨੇ ਵੀ ਇਸ ਫੈਸਲੇ ਵਿਰੁੱਧ ਮਤਾ ਪਾਸ ਕੀਤਾ ਸੀ।
ਸੂਤਰਾਂ ਦੇ ਮੁਤਾਬਕ, ਮੀਟਿੰਗ ਤੋਂ 21 ਦਿਨ ਬਾਅਦ, 25 ਜੁਲਾਈ ਨੂੰ BBMB ਨੇ ਚੁੱਪਚਾਪ ਗ੍ਰਹਿ ਮੰਤਰਾਲੇ ਕੋਲ ਰਕਮ ਭੇਜ ਦਿੱਤੀ। ਇਸ ਕਾਰਵਾਈ ਤੋਂ ਬਾਅਦ, BBMB ਵਿੱਚ ਪੰਜਾਬ ਦੇ ਮੈਂਬਰ ਨੇ ਸੰਗਠਨ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਇਸ ਤਾਇਨਾਤੀ ਲਈ ਕੋਈ ਸਹਿਯੋਗ ਨਹੀਂ ਦੇਵੇਗੀ।ਇਹ ਵੀ ਯਾਦ ਰਹੇ ਕਿ 2021 ਵਿੱਚ ਪੰਜਾਬ ਨੇ ਇੱਕ ਮੀਟਿੰਗ ਦੌਰਾਨ CISF ਦੀ ਤਾਇਨਾਤੀ ਨਾਲ ਸਹਿਮਤੀ ਜਤਾਈ ਸੀ। ਪਰ, ਹਾਲ ਹੀ ਵਿੱਚ ਮਈ ਮਹੀਨੇ, ਨੰਗਲ ਡੈਮ ਤੋਂ ਪਾਣੀ ਦੀ ਵੰਡ ਨੂੰ ਲੈ ਕੇ ਉਤਪੰਨ ਹੋਏ ਵਿਵਾਦ ਕਾਰਨ ਪੰਜਾਬ ਨੇ ਆਪਣਾ ਰੁਖ ਬਦਲ ਲਿਆ।ਮੁੱਖ ਮੰਤਰੀ ਭਗਵੰਤ ਮਾਨ ਨੇ BBMB ਵਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਨੰਗਲ ਡੈਮ ‘ਤੇ ਧਰਨਾ ਦਿੱਤਾ। ਉਨ੍ਹਾਂ ਨੇ CISF ਦੀ ਤਾਇਨਾਤੀ ਨੂੰ ਰਾਜ ਦੇ ਅਧਿਕਾਰਾਂ ‘ਤੇ ਹਸਤਖੇਪ ਕਰਾਰ ਦਿੱਤਾ।