ਕਾਠਮੰਡੂ/ਨੇਪਾਲ : ਨੇਪਾਲ ਵਿੱਚ ਰਾਜਨੀਤਕ ਹਲਚਲ ਅਤੇ ਸਰਕਾਰ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਗਏ ਹਨ। ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਸਿਰਫ਼ ਇਕ ਦਿਨ ਬਾਅਦ, ਨੇਪਾਲ ਦੀ ਫੌਜ ਨੇ ਬੁੱਧਵਾਰ ਨੂੰ ਪੂਰੇ ਦੇਸ਼ ਵਿੱਚ ਕਰਫਿਊ ਲਗਾ ਕੇ ਸਥਿਤੀ ’ਤੇ ਆਪਣੀ ਕਮਾਨ ਸੰਭਾਲ ਲਈ ਹੈ।
ਫੌਜ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੜਕਾਂ ’ਤੇ ਹਰ ਕਿਸਮ ਦੀ ਭੀੜ ਇਕੱਠੀ ਹੋਣ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ। ਕਰਫਿਊ ਕਾਰਨ ਰਾਜਧਾਨੀ ਕਾਠਮੰਡੂ ਸਮੇਤ ਸਾਰੇ ਮੁੱਖ ਸ਼ਹਿਰਾਂ ਦੀਆਂ ਸੜਕਾਂ ਸੁੰਝੀਆਂ ਪਈਆਂ ਹਨ ਅਤੇ ਰਾਤੋ-ਰਾਤ ਸ਼ਹਿਰਾਂ ਵਿੱਚ ਡਰ ਅਤੇ ਸੰਨਾਟਾ ਪਸਰ ਗਿਆ ਹੈ।
ਫੌਜ ਨੇ ਇਹ ਕਦਮ ਉਸ ਸਮੇਂ ਚੁੱਕਿਆ ਜਦੋਂ ਪ੍ਰਦਰਸ਼ਨਕਾਰੀਆਂ ਵੱਲੋਂ ਮੰਗਲਵਾਰ ਨੂੰ ਕਈ ਸਰਕਾਰੀ ਤੇ ਸਿਆਸੀ ਇਮਾਰਤਾਂ ਨੂੰ ਅੱਗ ਲਗਾਈ ਗਈ ਸੀ। ਸੰਸਦ ਭਵਨ, ਰਾਸ਼ਟਰਪਤੀ ਦਫ਼ਤਰ, ਪ੍ਰਧਾਨ ਮੰਤਰੀ ਨਿਵਾਸ, ਸੁਪਰੀਮ ਕੋਰਟ, ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਦਫ਼ਤਰਾਂ ਅਤੇ ਕਈ ਸੀਨੀਅਰ ਨੇਤਾਵਾਂ ਦੇ ਘਰਾਂ ਨੂੰ ਭੀੜ ਵੱਲੋਂ ਨਿਸ਼ਾਨਾ ਬਣਾਇਆ ਗਿਆ। ਫੌਜ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ “ਪ੍ਰਦਰਸ਼ਨਾਂ ਦੀ ਆੜ ਵਿੱਚ ਲੁੱਟ-ਖੋਹ, ਅੱਗਜ਼ਨੀ ਅਤੇ ਤੋੜਫੋੜ ਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਕਰਫਿਊ ਲਗਾਉਣਾ ਜ਼ਰੂਰੀ ਸੀ।”
ਇਸ ਹਿੰਸਕ ਲਹਿਰ ਦੌਰਾਨ ਸਭ ਤੋਂ ਚੌਕਾਉਣ ਵਾਲੀ ਘਟਨਾ ਜੇਲਾਂ ਵਿੱਚ ਦਰਜ ਕੀਤੀ ਗਈ। ਦੇਸ਼ ਭਰ ਦੀਆਂ ਵੱਖ-ਵੱਖ ਜੇਲਾਂ ’ਚੋਂ 13,500 ਤੋਂ ਵੱਧ ਕੈਦੀ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਪੱਛਮੀ ਨੇਪਾਲ ਦੀ ਇੱਕ ਜੇਲ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਝੜਪ ਦੌਰਾਨ ਘੱਟੋ-ਘੱਟ ਪੰਜ ਨਾਬਾਲਗ ਕੈਦੀਆਂ ਦੀ ਮੌਤ ਹੋ ਗਈ।
ਨੇਪਾਲ ਦੇ ਸਿਹਤ ਮੰਤਰਾਲੇ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਹੁਣ ਤੱਕ ਦੀਆਂ ਹਿੰਸਕ ਘਟਨਾਵਾਂ ਵਿੱਚ 30 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦੋਂ ਕਿ 1,033 ਲੋਕ ਜ਼ਖਮੀ ਹੋਏ ਹਨ। ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ ਦੀ ਧੀ ਗੰਗਾ ਦਹਲ ਦੇ ਸੜੇ ਹੋਏ ਘਰ ਵਿੱਚੋਂ ਇੱਕ ਲਾਸ਼ ਵੀ ਬਰਾਮਦ ਹੋਈ ਹੈ, ਜਿਸ ਨਾਲ ਸਿਆਸੀ ਤਣਾਅ ਹੋਰ ਵਧ ਗਿਆ ਹੈ।
ਇਸੇ ਦੌਰਾਨ ਨੇਪਾਲ ਵਿੱਚ ਅੰਤਰਿਮ ਸਰਕਾਰ ਬਣਾਉਣ ਦੀ ਚਰਚਾ ਤੇਜ਼ ਹੋ ਗਈ ਹੈ। ਕਾਠਮੰਡੂ ਦੇ ਮੇਅਰ ਬਾਲੇਨ ਸ਼ਾਹ ਅਤੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਦਾ ਨਾਮ ਨਵੇਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਸਭ ਤੋਂ ਅੱਗੇ ਚੱਲ ਰਿਹਾ ਹੈ। ਲੋਕਾਂ ਵਿੱਚੋਂ ਵੱਧ ਸਮਰਥਨ ਸੁਸ਼ੀਲਾ ਕਾਰਕੀ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਨੇਪਾਲ ਦੀ ਜੈਨ-ਜ਼ੈੱਡ ਪੀੜ੍ਹੀ ਨੇ ਇਕ ਆਨਲਾਈਨ ਮੀਟਿੰਗ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਮੰਗ ਵੀ ਰੱਖ ਦਿੱਤੀ ਹੈ।
ਅੰਤਰਰਾਸ਼ਟਰੀ ਪੱਧਰ ’ਤੇ ਵੀ ਇਸ ਸੰਕਟ ਨੇ ਚਿੰਤਾ ਜਨਮ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਨਟੋਨੀਓ ਗੁਤਾਰੇਸ ਨੇ ਨੇਪਾਲ ਵਿੱਚ ਚੱਲ ਰਹੇ ਹਾਲਾਤਾਂ ’ਤੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਮਾਰੇ ਗਏ ਲੋਕਾਂ ਲਈ ਦੁੱਖ ਪ੍ਰਗਟ ਕੀਤਾ ਅਤੇ ਹਿੰਸਾ ਰੋਕਣ ਦੀ ਅਪੀਲ ਕੀਤੀ ਹੈ।
ਭਾਰਤ ਨੇ ਵੀ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਨੇਪਾਲ ਨਾਲ ਲੱਗਦੀਆਂ ਸਰਹੱਦਾਂ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਨੇਪਾਲ ਵਿੱਚ ਅਜੇ ਹਾਲਾਤ ਕਾਬੂ ਤੋਂ ਬਾਹਰ ਹਨ, ਫੌਜ ਨੇ ਭਾਵੇਂ ਆਪਣਾ ਕੜਾ ਰੁਖ ਅਪਣਾਇਆ ਹੈ ਪਰ ਲੋਕਾਂ ਵਿੱਚ ਅਸੰਤੋਸ਼ ਦਾ ਮਾਹੌਲ ਘੱਟ ਹੁੰਦਾ ਨਹੀਂ ਦਿਖ ਰਿਹਾ। ਦੇਖਣਾ ਇਹ ਹੋਵੇਗਾ ਕਿ ਕੀ ਅੰਤਰਿਮ ਸਰਕਾਰ ਦੇ ਗਠਨ ਨਾਲ ਦੇਸ਼ ਵਿੱਚ ਰਾਜਨੀਤਕ ਸੰਕਟ ਦਾ ਹੱਲ ਨਿਕਲਦਾ ਹੈ ਜਾਂ ਹਾਲਾਤ ਹੋਰ ਗੰਭੀਰ ਰੁੱਖ ਧਾਰਨ ਕਰਦੇ ਹਨ।