ਪੰਜਾਬ ਵਿੱਚ ਹੜ੍ਹਾਂ ਦੇ ਦੌਰਾਨ ਬੰਦ ਰਹੇ ਸਕੂਲਾਂ ਕਾਰਨ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਮੋਬਾਈਲ ਭੱਤੇ ਵਿੱਚ ਕਟੌਤੀ ਕਰ ਦਿੱਤੀ ਹੈ। ਇਹ ਫ਼ੈਸਲਾ ਸਰਕਾਰ ਦੇ ਵਿੱਤ ਵਿਭਾਗ ਦੇ ਹੁਕਮਾਂ ਦੇ ਅਧਾਰ ’ਤੇ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ, ਸੂਬੇ ਦੇ ਲਗਭਗ 1.21 ਲੱਖ ਅਧਿਆਪਕਾਂ ਦਾ ਮੋਬਾਈਲ ਭੱਤਾ ਘਟਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਹੜ੍ਹਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਕੂਲ ਲੰਬੇ ਸਮੇਂ ਲਈ ਬੰਦ ਰਹੇ ਸਨ। ਇਸੇ ਦੌਰਾਨ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ ਸਕੂਲ ਲਗਾਤਾਰ 10 ਦਿਨ ਜਾਂ ਉਸ ਤੋਂ ਵੱਧ ਸਮੇਂ ਲਈ ਬੰਦ ਰਹੇ, ਤਾਂ ਉਸ ਦੌਰਾਨ ਅਧਿਆਪਕਾਂ ਨੂੰ ਮੋਬਾਈਲ ਭੱਤਾ ਨਹੀਂ ਦਿੱਤਾ ਜਾਵੇਗਾ।
ਪਰੰਤੂ ਅਧਿਆਪਕਾਂ ਵੱਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਕੋਈ ਛੁੱਟੀ ਨਹੀਂ ਲਈ ਸੀ, ਸਗੋਂ ਇਹ ਛੁੱਟੀਆਂ ਹੜ੍ਹਾਂ ਕਾਰਨ ਸਰਕਾਰੀ ਤੌਰ ’ਤੇ ਐਲਾਨ ਕੀਤੀਆਂ ਗਈਆਂ ਸਨ। ਇਸ ਲਈ ਉਨ੍ਹਾਂ ਦਾ ਭੱਤਾ ਕਟਣਾ ਅਨੁਚਿਤ ਹੈ। ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਅਗਸਤ ਅਤੇ ਸਤੰਬਰ ਮਹੀਨੇ ਮਿਲਾ ਕੇ ਕੁੱਲ 11 ਦਿਨ ਸਕੂਲ ਬੰਦ ਰਹੇ ਸਨ, ਨਾ ਕਿ ਕਿਸੇ ਇੱਕ ਮਹੀਨੇ ਵਿੱਚ ਲਗਾਤਾਰ।
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਜੇਕਰ ਇੱਕ ਮਹੀਨੇ ਵਿੱਚ 11 ਜਾਂ ਇਸ ਤੋਂ ਵੱਧ ਦਿਨ ਸਕੂਲ ਬੰਦ ਰਹਿਣ, ਤਾਂ ਮੋਬਾਈਲ ਭੱਤੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਇਸੇ ਪੱਤਰ ਦਾ ਹਵਾਲਾ ਦੇ ਕੇ ਵਿੱਤ ਵਿਭਾਗ ਨੇ ਇਹ ਕਟੌਤੀ ਲਾਗੂ ਕੀਤੀ ਹੈ।
ਇਸ ਮਾਮਲੇ ਨੇ ਅਧਿਆਪਕ ਵਰਗ ਵਿੱਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਅਤੇ ਕਈ ਸਿੱਖਿਆ ਸੰਘਠਨਾਂ ਨੇ ਇਸ ਫ਼ੈਸਲੇ ’ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਹੈ।