ਤਰਨਤਾਰਨ ਪੁਲਿਸ ਨੇ ਵਿਦੇਸ਼ ’ਚ ਬੈਠੇ ਮਸ਼ਹੂਰ ਗੈਂਗਸਟਰ ਸੱਤਾ ਨੌਸ਼ਹਿਰਾ ਦੇ ਦੋ ਸੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਕੋਲੋਂ ਪਿਸਤੋਲ ਸਮੇਤ ਕਈ ਸਬੂਤ ਵੀ ਬਰਾਮਦ ਕੀਤੇ ਹਨ। ਫੜੇ ਗਏ ਸੂਟਰਾਂ ਦੀ ਪਹਿਚਾਣ ਪਿੰਡ ਲੌਹਾਰ (ਥਾਣਾ ਗੋਇੰਦਵਾਲ ਸਾਹਿਬ) ਦੇ ਰਹਿਣ ਵਾਲੇ ਸਰਦੂਲ ਸਿੰਘ ਦੌਲਾ ਅਤੇ ਪਿੰਡ ਸੰਗਤਪੁਰਾ (ਥਾਣਾ ਚੌਹਲਾ ਸਾਹਿਬ) ਦੇ ਰਹਿਣ ਵਾਲੇ ਹਰਪਾਲ ਸਿੰਘ ਵਜੋਂ ਹੋਈ ਹੈ।
ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਤੰਬਰ ਨੂੰ ਕਸਬਾ ਨੌਸ਼ਹਿਰਾ ਪਨੂੰਆਂ ਵਿੱਚ ਨਿਸ਼ਾਨ ਸਿੰਘ ਉਰਫ਼ ਹੈਪੀ ਚੌਧਰੀ ਦੀ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਇਸ ਤੋਂ ਇਲਾਵਾ, 7 ਅਕਤੂਬਰ ਨੂੰ ਪਿੰਡ ਰੂੜੀਵਾਲਾ ਦੇ ਬਾਹਰ ਅਜੈਬ ਸਿੰਘ ਦੀ ਵੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਦੋਵੇਂ ਕਤਲਾਂ ਦੀ ਜਿੰਮੇਵਾਰੀ ਗੈਂਗਸਟਰ ਸੱਤਾ ਨੌਸ਼ਹਿਰਾ ਨੇ ਖੁਦ ਸੋਸ਼ਲ ਮੀਡੀਆ ’ਤੇ ਪੋਸਟਾਂ ਰਾਹੀਂ ਸਵੀਕਾਰ ਕੀਤੀ ਸੀ।
ਐਸਐਸਪੀ ਗਰੇਵਾਲ ਦੇ ਮੁਤਾਬਕ, ਸੱਤਾ ਨੌਸ਼ਹਿਰਾ ਨੇ ਹੈਪੀ ਚੌਧਰੀ ਦਾ ਕਤਲ ਇਸ ਸ਼ੱਕ ’ਚ ਕਰਵਾਇਆ ਸੀ ਕਿ ਉਹ ਉਸਦੇ ਇਕ ਪਰਿਵਾਰਕ ਮੈਂਬਰ ਦੇ ਕਤਲ ਲਈ ਜਿੰਮੇਵਾਰ ਸੀ, ਜਿਸਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਬਦਲਾ ਲੈਣ ਦੀ ਨੀਤ ਨਾਲ ਇਹ ਹੱਤਿਆ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਅਜੈਬ ਸਿੰਘ ਦੇ ਕਤਲ ਦੇ ਪਿੱਛੇ ਵੀ ਸੱਤਾ ਦਾ ਇਹ ਵਿਸ਼ਵਾਸ ਸੀ ਕਿ ਅਜੈਬ ਸਿੰਘ ਪੁਲਿਸ ਦਾ ਇਨਫੋਰਮਰ (ਖ਼ੁਫੀਆ ਸੂਤਰ) ਹੈ। ਕਤਲ ਤੋਂ ਬਾਅਦ ਸੱਤਾ ਨੌਸ਼ਹਿਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਗੱਲ ਦਾ ਦਾਅਵਾ ਵੀ ਕੀਤਾ ਸੀ।
ਪੁਲਿਸ ਵੱਲੋਂ ਫਿਲਹਾਲ ਦੋਵੇਂ ਗ੍ਰਿਫ਼ਤਾਰ ਸੂਟਰਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਜਾਂਚ ਦੌਰਾਨ ਹੋਰ ਗੈਂਗਸਟਰਾਂ ਨਾਲ ਸਬੰਧਤ ਅਹਿਮ ਖੁਲਾਸੇ ਹੋ ਸਕਦੇ ਹਨ, ਜਿਸ ਨਾਲ ਸੱਤਾ ਨੌਸ਼ਹਿਰਾ ਗੈਂਗ ਦੀ ਗਤੀਵਿਧੀਆਂ ਦਾ ਵੱਡਾ ਪਰਦਾਫਾਸ਼ ਹੋ ਸਕਦਾ ਹੈ।