ਤਰਨ ਤਾਰਨ : ਆਬਕਾਰੀ ਵਿਭਾਗ ਵੱਲੋਂ ਦਿਵਾਲੀ ਤਿਉਹਾਰ ਤੋਂ ਪਹਿਲਾਂ ਗੈਰਕਾਨੂੰਨੀ ਸ਼ਰਾਬ ਤਿਆਰ ਕਰਨ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਅਧੀਨ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿਚੋਂ ਤਿੰਨ ਹਜ਼ਾਰ ਲੀਟਰ ਦੇਸੀ ਲਾਹਣ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ। ਇਹ ਜਖੀਰਾ ਜ਼ਮੀਨ ਹੇਠਾਂ ਚਤੁਰਾਈ ਨਾਲ ਦੱਬਿਆ ਹੋਇਆ ਸੀ।
ਇਹ ਕਾਰਵਾਈ ਇੰਸਪੈਕਟਰ ਰਾਮ ਮੂਰਤੀ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ। ਜਾਣਕਾਰੀ ਮੁਤਾਬਕ, ਵਿਭਾਗ ਨੂੰ ਕਿਸੇ ਖਾਸ ਮੁਖਬਰ ਵੱਲੋਂ ਸੂਚਨਾ ਮਿਲੀ ਸੀ ਕਿ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿੱਚ ਦਿਵਾਲੀ ਦੇ ਮੌਕੇ ਨੂੰ ਧਿਆਨ ਵਿੱਚ ਰੱਖਦਿਆਂ ਵੱਡੇ ਪੱਧਰ ‘ਤੇ ਦੇਸੀ ਸ਼ਰਾਬ ਬਣਾਈ ਜਾ ਰਹੀ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸਪਲਾਈ ਕੀਤੀ ਜਾਣੀ ਸੀ।
ਸੂਚਨਾ ਮਿਲਣ ਉਪਰੰਤ, ਵਿਭਾਗ ਨੇ ਤੁਰੰਤ ਛਾਪੇਮਾਰੀ ਲਈ ਟੀਮ ਤਾਇਨਾਤ ਕੀਤੀ। ਜਦੋਂ ਟੀਮ ਨੇ ਖੇਤਰ ਦੀ ਬਾਰੀਕੀ ਨਾਲ ਤਲਾਸ਼ੀ ਲੈਣੀ ਸ਼ੁਰੂ ਕੀਤੀ, ਤਾਂ ਜ਼ਮੀਨ ਹੇਠਾਂ ਦੱਬੇ ਹੋਏ ਭਾਂਡਿਆਂ ਵਿਚੋਂ ਤਿੰਨ ਹਜ਼ਾਰ ਲੀਟਰ ਤੋਂ ਵੱਧ ਲਾਹਣ ਬਰਾਮਦ ਕੀਤੀ ਗਈ। ਇਹ ਲਾਹਣ ਉਹ ਤਰਲ ਪਦਾਰਥ ਹੁੰਦਾ ਹੈ ਜਿਸਨੂੰ ਅਗਲੇ ਪੜਾਅ ‘ਚ ਉਬਾਲ ਕੇ ਦੇਸੀ ਸ਼ਰਾਬ ਵਿੱਚ ਤਬਦੀਲ ਕੀਤਾ ਜਾਂਦਾ ਹੈ।
ਇਸ ਦੌਰਾਨ, ਟੀਮ ਨੇ ਸ਼ਰਾਬ ਬਣਾਉਣ ਲਈ ਵਰਤੇ ਜਾਣ ਵਾਲੇ ਕਈ ਭਾਂਡੇ, ਪਾਈਪ ਤੇ ਹੋਰ ਸਾਮਾਨ ਵੀ ਕਬਜ਼ੇ ਵਿੱਚ ਲਏ। ਇੰਸਪੈਕਟਰ ਰਾਮ ਮੂਰਤੀ ਅਤੇ ਮਿੱਤਲ ਵਾਇਨ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਗਈ ਅਤੇ ਥਾਣਾ ਵੈਰੋਵਾਲ ਵਿਖੇ ਇਸ ਸੰਬੰਧੀ ਅਧਿਕਾਰਕ ਇਤਲਾਹ ਦੇ ਦਿੱਤੀ ਗਈ ਹੈ।
ਇਹ ਵੀ ਦੱਸਿਆ ਗਿਆ ਕਿ ਵਿਭਾਗ ਦਾ ਉਦੇਸ਼ ਦਿਵਾਲੀ ਸਮੇਂ ਗੈਰਕਾਨੂੰਨੀ ਸ਼ਰਾਬ ਦੀ ਤਿਆਰੀ ਤੇ ਵਿਕਰੀ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਹੈ, ਕਿਉਂਕਿ ਅਜਿਹੀ ਸ਼ਰਾਬ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਕਰਦੀ ਹੈ ਸਗੋਂ ਲੋਕਾਂ ਦੀ ਸਿਹਤ ਲਈ ਵੀ ਖ਼ਤਰਨਾਕ ਹੋ ਸਕਦੀ ਹੈ।
ਇਸ ਮੁਹਿੰਮ ਦੌਰਾਨ ਏਐੱਸਆਈ ਗੁਰਸਾਹਿਬ ਸਿੰਘ, ਹੈੱਡ ਕਾਂਸਟੇਬਲ ਜਗਜੀਤ ਸਿੰਘ ਅਤੇ ਆਬਕਾਰੀ ਵਿਭਾਗ ਦੀ ਪੂਰੀ ਟੀਮ ਮੌਜੂਦ ਰਹੀ। ਟੀਮ ਵੱਲੋਂ ਖੇਤਰ ਵਿੱਚ ਹੋਰ ਥਾਵਾਂ ‘ਤੇ ਵੀ ਜਾਂਚ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ ਤਾਂ ਜੋ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ‘ਤੇ ਪੂਰੀ ਤਰ੍ਹਾਂ ਨੱਕੇਬੰਦੀ ਕੀਤੀ ਜਾ ਸਕੇ।