ਦਿੱਲੀ ਦੇ ਧੌਲਾ ਕੁਆਂ ਇਲਾਕੇ ਵਿੱਚ 14 ਸਤੰਬਰ ਨੂੰ ਹੋਏ ਭਿਆਨਕ BMW ਹਾਦਸੇ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਮਹੱਤਵਪੂਰਨ ਫੈਸਲਾ ਲਿਆ। ਕੋਰਟ ਨੇ ਦੋਸ਼ੀ ਗਗਨਪ੍ਰੀਤ ਕੌਰ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਇਸਦੇ ਨਾਲ ਹੀ ਅਦਾਲਤ ਨੇ ਦੁਰਘਟਨਾ ਸਥਾਨ ਤੋਂ ਮਿਲਣ ਵਾਲੀ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਹਨ। ਇਹ ਮਾਮਲਾ ਹੁਣ ਵੀਚਾਰ ਲਈ ਵੀਰਵਾਰ ਨੂੰ ਫਿਰ ਸੁਣਿਆ ਜਾਵੇਗਾ, ਜਦੋਂ ਕਿ ਅਗਲੀ ਮੁੱਖ ਸੁਣਵਾਈ ਸ਼ਨੀਵਾਰ ਲਈ ਨਿਰਧਾਰਤ ਕੀਤੀ ਗਈ ਹੈ।
ਦਿੱਲੀ ਪੁਲਿਸ ਨੇ ਗਗਨਪ੍ਰੀਤ ਕੌਰ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸਨੂੰ ਦੋ ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। 38 ਸਾਲਾ ਗਗਨਪ੍ਰੀਤ ਕੌਰ ਗੁਰਗਾਂਵ ਦੀ ਰਹਿਣ ਵਾਲੀ ਹੈ। ਉਸ ‘ਤੇ ਇਹ ਗੰਭੀਰ ਦੋਸ਼ ਲਗੇ ਹਨ ਕਿ ਉਸਦੀ BMW ਕਾਰ ਦੀ ਟੱਕਰ ਨਾਲ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਸੀ।
ਹਾਦਸੇ ਵਿੱਚ ਜ਼ਿੰਦਗੀ ਗੁਆਉਣ ਵਾਲੇ ਸ਼ਖ਼ਸ ਦੀ ਪਹਿਚਾਣ 42 ਸਾਲਾ ਨਵਜੋਤ ਸਿੰਘ ਵਜੋਂ ਹੋਈ, ਜੋ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਡਿਪਟੀ ਸਕੱਤਰ ਵਜੋਂ ਤੈਨਾਤ ਸਨ। ਦੁਰਘਟਨਾ ਦੇ ਸਮੇਂ ਨਵਜੋਤ ਸਿੰਘ ਆਪਣੀ ਪਤਨੀ ਨਾਲ ਮੋਟਰਸਾਈਕਲ ‘ਤੇ ਸਵਾਰ ਸਨ। ਧੌਲਾ ਕੁਆਂ ਦੇ ਨੇੜੇ BMW ਨਾਲ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਨਵਜੋਤ ਸਿੰਘ ਦੀ ਮੌਤ ਮੌਕੇ ‘ਤੇ ਹੀ ਹੋ ਗਈ, ਜਦਕਿ ਉਸਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਅਤੇ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਦਿੱਲੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਮੈਡੀਕਲ ਰਿਪੋਰਟਾਂ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਹਾਦਸੇ ਦੇ ਸਮੇਂ ਗਗਨਪ੍ਰੀਤ ਕੌਰ ਸ਼ਰਾਬ ਦੇ ਨਸ਼ੇ ਵਿੱਚ ਨਹੀਂ ਸੀ। ਉਸਦਾ ਬਲੱਡ ਟੈਸਟ ਕੀਤਾ ਗਿਆ ਜੋ ਨੇਗੇਟਿਵ ਪਾਇਆ ਗਿਆ।
ਇਸ ਕੇਸ ਨੇ ਰਾਸ਼ਟਰੀ ਪੱਧਰ ‘ਤੇ ਚਰਚਾ ਬਣਾ ਲਈ ਹੈ ਕਿਉਂਕਿ ਇਹ ਨਾ ਸਿਰਫ਼ ਇੱਕ ਸਰਕਾਰੀ ਅਧਿਕਾਰੀ ਦੀ ਅਚਾਨਕ ਮੌਤ ਨਾਲ ਜੁੜਿਆ ਹੋਇਆ ਹੈ, ਬਲਕਿ ਰੋਜ਼ਾਨਾ ਦਿੱਲੀ ਦੀਆਂ ਸੜਕਾਂ ‘ਤੇ ਵੱਧ ਰਹੀ ਬੇਪਰਵਾਹ ਗੱਡੀ ਚਲਾਉਣ ਦੀ ਸਮੱਸਿਆ ਨੂੰ ਵੀ ਬੇਨਕਾਬ ਕਰਦਾ ਹੈ। ਹੁਣ ਸਾਰੇ ਦੀਆਂ ਨਿਗਾਹਾਂ ਕੋਰਟ ਦੀ ਅਗਲੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ।