ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਅਧਿਕਾਰੀ ਕੋਲ ਆਪਣਾ ਨਾਮਜ਼ਦਗੀ ਪੱਤਰ ਪਹੁੰਚਾ ਕੇ ਦਾਖਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਉਮੀਦਵਾਰ ਦੇ ਹੱਕ ਵਿੱਚ ਭਾਜਪਾ ਵੱਲੋਂ ਵਰਕਰ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਭਾਜਪਾ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਆਪਣੇ ਹੱਕ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ।
ਰੈਲੀ ਦੇ ਮੌਕੇ ਤੇ ਮਨਜਿੰਦਰ ਸਿੰਘ ਸਿਰਸਾ ਅਤੇ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਸੂਬੇ ਨੂੰ ਲੁੱਟਣ ਅਤੇ ਕੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ। ਸਰਕਾਰ ਨੇ ਸੂਬੇ ਨੂੰ ਕਰਜ਼ਾਈ ਹਾਲਤ ਵਿੱਚ ਖੜ੍ਹਾ ਕਰ ਦਿੱਤਾ ਹੈ, ਜਿੱਥੋਂ ਪੰਜਾਬ ਨੂੰ ਦੁਬਾਰਾ ਖੜ੍ਹਾ ਹੋਣ ਵਿੱਚ ਕਾਫ਼ੀ ਸਮਾਂ ਲੱਗੇਗਾ।
ਉਹਨਾਂ ਨੇ ਕਿਹਾ ਕਿ ਹਰ ਰੋਜ਼ ਗੈਂਗਸਟਰ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਅਤੇ ਨਸ਼ਾ ਸਕੂਲਾਂ ਤੱਕ ਪਹੁੰਚ ਗਿਆ ਹੈ। ਇਹ ਸਥਿਤੀ ਪੰਜਾਬ ਲਈ ਚਿੰਤਾਜਨਕ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਲੈਂਡ ਪੁਲਿੰਗ ਸਕੀਮਾਂ ਅਤੇ ਸ਼ਰਾਬ ਕਾਰੋਬਾਰ ਨੂੰ ਲੈ ਕੇ ਸੂਬੇ ਨੂੰ ਕੰਗਾਲ ਬਣਾਇਆ ਜਾ ਰਿਹਾ ਹੈ। ਇਸਦੇ ਨਾਲ-ਨਾਲ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਮਹਿੰਗੀਆਂ ਜਾਇਦਾਦਾਂ ਅਤੇ ਗੱਡੀਆਂ ਲੋਕਾਂ ਨੂੰ ਨਜ਼ਰ ਆ ਰਹੀਆਂ ਹਨ, ਜੋ ਸੂਬੇ ਦੀ ਸਿਆਸੀ ਸਥਿਤੀ ‘ਤੇ ਸਵਾਲ ਚਿੰਨ੍ਹ ਉੱਠਾਉਂਦੀਆਂ ਹਨ।
ਭਾਜਪਾ ਆਗੂਆਂ ਨੇ ਇਸ ਮੌਕੇ DIG ਹਰਚਰਨ ਭੁੱਲਰ ਦੇ ਸਬੰਧ ਵਿੱਚ ਵੀ ਟਿੱਪਣੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ DIG ਭੁੱਲਰ ਨੂੰ ਸੀਬੀਆਈ ਵੱਲੋਂ ਕਰੋੜਾਂ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਫੜਿਆ ਗਿਆ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇ ਇਸੇ ਤਰ੍ਹਾਂ ਮੰਤਰੀਆਂ ਨੂੰ ਫੜਿਆ ਜਾਂਦਾ, ਤਾਂ ਉਨ੍ਹਾਂ ਕੋਲੋਂ ਵੀ ਵੱਡੀ ਰਕਮ ਬਰਾਮਦ ਹੋ ਸਕਦੀ ਸੀ।
ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਰੈਲੀ ਅਤੇ ਨਾਮਜ਼ਦਗੀ ਪੱਤਰ ਦੀ ਦਾਖ਼ਲੀ ਨੇ ਸੂਬੇ ਵਿੱਚ ਭਾਜਪਾ ਦੀ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ। ਭਾਜਪਾ ਆਗੂਆਂ ਨੇ ਵਾਦਾ ਕੀਤਾ ਕਿ ਉਮੀਦਵਾਰ ਦੇ ਹੱਕ ਵਿੱਚ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ ਅਤੇ ਚੋਣ ਮੁਹਿੰਮ ਜਿੱਤਣ ਲਈ ਪੂਰਾ ਯਤਨ ਕੀਤਾ ਜਾਵੇਗਾ।