ਕਪੂਰਥਲਾ :
ਪੰਜਾਬ ਵਿੱਚ ਆਏ ਤਾਜ਼ਾ ਹੜ੍ਹਾਂ ਨੇ ਸੈਂਕੜੇ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਨੂੰ ਤਬਾਹ ਕਰਕੇ ਵੱਡਾ ਆਰਥਿਕ ਨੁਕਸਾਨ ਕੀਤਾ ਹੈ। ਇਸ ਗੰਭੀਰ ਸਥਿਤੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਇੱਕ ਮਹੀਨੇ ਤੋਂ ਨਿਰੰਤਰ ਤੌਰ ‘ਤੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੈਦਾਨ ਵਿੱਚ ਸਰਗਰਮ ਹਨ। ਉਨ੍ਹਾਂ ਦੀਆਂ ਇਹਨਾਂ ਕੋਸ਼ਿਸ਼ਾਂ ਨੇ ‘ਰਾਜ ਨਹੀਂ, ਸੇਵਾ’ ਦੇ ਨਾਅਰੇ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ।
ਇਸ ਸੰਬੰਧੀ ਜਾਣਕਾਰੀ ਕਪੂਰਥਲਾ ਹਲਕੇ ਦੇ ਅਕਾਲੀ ਦਲ ਇੰਚਾਰਜ ਐੱਚ.ਐੱਸ. ਵਾਲੀਆ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ — ਫਾਜ਼ਿਲਕਾ, ਅਬੋਹਰ, ਤਰਨਤਾਰਨ, ਫਿਰੋਜ਼ਪੁਰ, ਸੁਲਤਾਨਪੁਰ ਲੋਧੀ, ਜਲਾਲਾਬਾਦ ਅਤੇ ਰੂਪਨਗਰ — ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਨਾਲ ਨਿੱਜੀ ਤੌਰ ‘ਤੇ ਮਿਲਕੇ ਉਨ੍ਹਾਂ ਦਾ ਦੁੱਖ-ਦਰਦ ਸਾਂਝਾ ਕੀਤਾ। ਸਿਰਫ਼ ਹਾਲ-ਚਾਲ ਪੁੱਛਣ ਤੱਕ ਹੀ ਸੀਮਤ ਨਾ ਰਹਿੰਦੇ ਹੋਏ, ਉਨ੍ਹਾਂ ਨੇ ਲੋਕਾਂ ਦੀਆਂ ਤੁਰੰਤ ਲੋੜਾਂ ਨੂੰ ਦੇਖਦਿਆਂ ਕਿਸ਼ਤੀਆਂ, ਰਾਸ਼ਨ, ਡੀਜ਼ਲ, ਪੰਪ ਸੈੱਟਾਂ ਅਤੇ ਪਾਈਪਾਂ ਵਰਗੀਆਂ ਵਸਤਾਂ ਉਪਲਬਧ ਕਰਵਾਈਆਂ। ਇਸ ਦੇ ਨਾਲ ਹੀ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਸਿੱਧੇ ਤੌਰ ’ਤੇ ਰਾਹਤ ਕਾਰਜਾਂ ਵਿੱਚ ਜੋੜ ਕੇ ਡਿਊਟੀਆਂ ਸੌਂਪੀਆਂ ਗਈਆਂ, ਤਾਂ ਜੋ ਹਰ ਲੋੜਵੰਦ ਪਰਿਵਾਰ ਤੱਕ ਮਦਦ ਸਮੇਂ ਸਿਰ ਪਹੁੰਚ ਸਕੇ।
ਐੱਚ.ਐੱਸ. ਵਾਲੀਆ ਨੇ ਸੁਖਬੀਰ ਸਿੰਘ ਬਾਦਲ ਦੇ ‘ਮਾਸਟਰ ਪਲਾਨ’ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਪਸ਼ੂਆਂ ਲਈ 500 ਟਰੱਕ ਸੁੱਕਾ ਚਾਰਾ (ਕੰਪਰੈਸਡ), ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਫਾਈ ਲਈ 500 ਫੌਗਿੰਗ ਮਸ਼ੀਨਾਂ, ਕਿਸਾਨਾਂ ਲਈ 1 ਲੱਖ ਏਕੜ ਜ਼ਮੀਨ ਦੇ ਮੁਤਾਬਕ ਪ੍ਰਮਾਣਿਤ ਕਣਕ ਦਾ ਬੀਜ, ਲੋੜਵੰਦ ਲੋਕਾਂ ਲਈ 30,000 ਕੁਇੰਟਲ ਕਣਕ, 125 ਮੈਡੀਕਲ ਕੈਂਪਾਂ ਦਾ ਆਯੋਜਨ (ਜੋ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਅਤੇ ਐੱਸਜੀਪੀਸੀ ਰਾਹੀਂ ਲਗਾਏ ਗਏ ਹਨ), ਪਸ਼ੂਆਂ ਦੇ ਇਲਾਜ ਲਈ 25 ਵੈਟਰਨਰੀ ਡਾਕਟਰਾਂ ਦੀਆਂ ਟੀਮਾਂ, ਕਿਸਾਨਾਂ ਦੇ ਖੇਤਾਂ ਵਿਚੋਂ ਰੇਤ ਹਟਾਉਣ ਵਿੱਚ ਮਦਦ ਅਤੇ ਅਗਲੀ ਕਣਕ ਦੀ ਫਸਲ ਬੀਜਣ ਲਈ ਰਹਿਨੁਮਾਈ ਵਰਗੇ ਐਲਾਨ ਸ਼ਾਮਲ ਹਨ। ਇਹ ਯੋਜਨਾ ਹੜ੍ਹ-ਪੀੜਤਾਂ ਲਈ ਇਕ ਵੱਡੀ ਰਾਹਤ ਸਾਬਤ ਹੋ ਰਹੀ ਹੈ।
ਵਾਲੀਆ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਦੇ ਸੰਕਟਾਂ ਦੇ ਸਮੇਂ ਰਾਜਨੀਤੀ ਤੋਂ ਉਪਰ ਉਠ ਕੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਇਸ ਵਾਰ ਵੀ ਪਾਰਟੀ ਦੇ ਹਰੇਕ ਵਰਕਰ ਅਤੇ ਆਗੂ ਪੂਰੇ ਮਨੋਂ-ਜਾਨੋਂ ਨਾਲ ਮੈਦਾਨ ਵਿੱਚ ਖੜ੍ਹੇ ਹਨ। ਉਨ੍ਹਾਂ ਸਭ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਿੱਥੇ ਵੀ ਹੜ੍ਹ ਪੀੜਤ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਸਾਰੀ ਜਾਣਕਾਰੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਾਂਝੀ ਕਰਨ, ਤਾਂ ਜੋ ਮਦਦ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕੇ।