ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਵਲੋਂ ਆਰਐਸਐਸ ਦੇ ਇੱਕ ਸਮਾਗਮ ਵਿੱਚ ਹਿਸਾ ਲੈਣ ‘ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਿਰੋਧ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਨੇ ਇਸ ਮਾਮਲੇ ‘ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ।ਵਿਦਿਆਰਥੀ ਆਗੂ ਜਸਕਰਨ ਸਿੰਘ ਨੇ ਦੱਸਿਆ ਕਿ ਵੀਸੀ ਨੇ ਸਮਾਗਮ ਦੌਰਾਨ ਯੂਨੀਵਰਸਿਟੀ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ “ਇੰਡੀਅਨ ਨੋਲੇਜ ਸਿਸਟਮ” ਅਤੇ ਸਿੱਖੀ ਨਾਲ ਜੁੜੇ ਕੋਰਸਾਂ ਦੀ ਗੱਲ ਕੀਤੀ ਗਈ। ਇਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਸਖ਼ਤ ਇਤਰਾਜ਼ ਹੈ ਕਿ ਉਨ੍ਹਾਂ ਨੇ ‘ਸਿੱਖ ਚੇਅਰ’ ਦੇ ਸੰਦਰਭ ਵਿਚ ਵੀ ਸਿੱਖੀ ਅਤੇ ਵੇਦਾਂਤ ਵਿਚਕਾਰ ਸਬੰਧ ਜੋੜਨ ਦੀ ਕੋਸ਼ਿਸ਼ ਕੀਤੀ।
ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਇਨ੍ਹਾਂ ਗਤੀਵਿਧੀਆਂ ਰਾਹੀਂ ਯੂਨੀਵਰਸਿਟੀ, ਜੋ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਬਣੀ ਸੀ, ਹੁਣ ਸਿੱਖੀ ਦੀ ਥਾਂ ਆਰਐਸਐਸ ਦੀ ਸੋਚ ਦਾ ਮੰਚ ਬਣ ਰਹੀ ਹੈ।ਇਸੇ ਕਰਕੇ ਉਨ੍ਹਾਂ ਨੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਡਾ. ਕਰਮਜੀਤ ਸਿੰਘ ਨੂੰ ਤੁਰੰਤ ਹਟਾਇਆ ਜਾਵੇ ਅਤੇ ਭਵਿੱਖ ਵਿੱਚ ਆਰਐਸਐਸ ਨਾਲ ਜੁੜੇ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਸਿੱਖ ਸੰਸਥਾ ਵਿਚ ਨਿਯੁਕਤੀ ’ਤੇ ਰੋਕ ਲਾਈ ਜਾਵੇ।