ਪਠਾਨਕੋਟ
ਪਠਾਨਕੋਟ ਸ਼ਹਿਰ ਦੇ ਸੰਤ ਨਗਰ ਖੇਤਰ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਦਿਨੋਂ ਦਿਨ ਵਧ ਰਿਹਾ ਹੈ, ਜਿਸ ਕਰਕੇ ਲੋਕਾਂ ਵਿੱਚ ਬੇਹੱਦ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਹੈ। ਅੱਜ ਸਵੇਰੇ ਲਗਭਗ 6 ਵਜੇ ਸੰਤ ਨਗਰ ਦੇ ਰਹਿਣ ਵਾਲੇ ਪ੍ਰਵੀਨ ਮਹਾਜਨ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਲਈ ਗਲੀ ਵਿੱਚ ਨਿਕਲੇ ਸਨ। ਇਸ ਦੌਰਾਨ ਇੱਕ ਅਵਾਰਾ ਕੁੱਤੇ ਨੇ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਕੁੱਤੇ ਦੇ ਦੰਦਾਂ ਨਾਲ ਕੱਟੇ ਜਾਣ ਕਾਰਨ ਪ੍ਰਵੀਨ ਮਹਾਜਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪਰਿਵਾਰ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਡਰਾਉਣਾ ਸੀ ਕਿ ਘਰ ਦੇ ਮੈਂਬਰਾਂ ਅਤੇ ਆਸ-ਪਾਸ ਦੇ ਨਿਵਾਸੀਆਂ ਵਿੱਚ ਬੇਚੈਨੀ ਤੇ ਘਬਰਾਹਟ ਪੈਦਾ ਹੋ ਗਈ ਹੈ।
ਪ੍ਰਵੀਨ ਮਹਾਜਨ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਸਵੇਰੇ ਸੈਰ ਲਈ ਜਾਂਦੇ ਹਨ, ਪਰ ਅੱਜ ਦੇ ਹਾਦਸੇ ਨੇ ਉਨ੍ਹਾਂ ਨੂੰ ਗੰਭੀਰ ਤੌਰ ’ਤੇ ਡਰਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸੰਤ ਨਗਰ ਦੀਆਂ ਗਲੀਆਂ ਵਿੱਚ ਹਰ ਸਮੇਂ 15 ਤੋਂ 20 ਦੇ ਕਰੀਬ ਅਵਾਰਾ ਕੁੱਤੇ ਟੋਲੀਆਂ ਵਿੱਚ ਘੁੰਮਦੇ ਰਹਿੰਦੇ ਹਨ। ਇਹ ਕੁੱਤੇ ਕਈ ਵਾਰ ਇਕੱਠੇ ਹੋ ਕੇ ਲੋਕਾਂ ਦਾ ਪਿੱਛਾ ਵੀ ਕਰਦੇ ਹਨ। ਇਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਡਰ ਲੱਗਦਾ ਹੈ। ਲੋਕਾਂ ਨੂੰ ਕਦੇ ਵੀ ਆਪਣੀ ਸੁਰੱਖਿਆ ਪੱਕੀ ਮਹਿਸੂਸ ਨਹੀਂ ਹੁੰਦੀ।
ਇਸੇ ਇਲਾਕੇ ਦੀ ਰਹਿਣ ਵਾਲੀ ਪੂਨਮ ਮਹਾਜਨ ਨੇ ਵੀ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਲਗਭਗ ਛੇ ਮਹੀਨੇ ਪਹਿਲਾਂ ਉਸ ’ਤੇ ਵੀ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ ਸੀ। ਉਸ ਹਮਲੇ ਤੋਂ ਬਾਅਦ ਉਸਨੂੰ ਕਈ ਮਹੀਨਿਆਂ ਤੱਕ ਇਲਾਜ ਕਰਵਾਉਣਾ ਪਿਆ ਸੀ। ਪੂਨਮ ਨੇ ਕਿਹਾ ਕਿ ਗਲੀ ਵਿੱਚ ਕੁੱਤਿਆਂ ਦਾ ਆਤੰਕ ਇੰਨਾ ਵੱਧ ਗਿਆ ਹੈ ਕਿ ਮਾਪੇ ਹੁਣ ਆਪਣੇ ਬੱਚਿਆਂ ਨੂੰ ਇਕੱਲੇ ਸਕੂਲ ਭੇਜਣ ਤੋਂ ਡਰਦੇ ਹਨ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਨਗਰ ਨਿਗਮ ਹਰ ਸਾਲ ਅਵਾਰਾ ਕੁੱਤੇ ਫੜਨ ਲਈ ਮੁਹਿੰਮ ਚਲਾਉਣ ਦੇ ਦਾਅਵੇ ਤਾਂ ਕਰਦਾ ਹੈ, ਪਰ ਉਸਦਾ ਅਸਰ ਸੜਕਾਂ ’ਤੇ ਕਿਤੇ ਵੀ ਨਜ਼ਰ ਨਹੀਂ ਆਉਂਦਾ। ਕੁੱਤਿਆਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਮਝ ਨਹੀਂ ਆਉਂਦਾ ਕਿ ਇਹ ਕੁੱਤੇ ਇਕੱਠੇ ਹੋ ਕੇ ਇੰਨੀ ਵੱਡੀ ਗਿਣਤੀ ਵਿੱਚ ਅਚਾਨਕ ਕਿੱਥੋਂ ਆ ਜਾਂਦੇ ਹਨ।
ਇਲਾਕੇ ਦੇ ਵਸਨੀਕਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਠਾਨਕੋਟ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ ਨੂੰ ਕਾਬੂ ਕਰਨ ਲਈ ਜਲਦੀ ਤੋਂ ਜਲਦੀ ਕੋਈ ਪੱਕਾ ਹੱਲ ਕੱਢਿਆ ਜਾਵੇ। ਲੋਕਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਕਾਰਨ ਬੱਚੇ ਖੇਡਣ ਲਈ ਬਾਹਰ ਨਹੀਂ ਜਾ ਸਕਦੇ, ਬਜ਼ੁਰਗ ਨਿਸ਼ਚਿੰਤ ਹੋ ਕੇ ਸੈਰ ਨਹੀਂ ਕਰ ਸਕਦੇ ਅਤੇ ਮਹਿਲਾਵਾਂ ਨੂੰ ਵੀ ਗਲੀ ਵਿੱਚੋਂ ਲੰਘਦਿਆਂ ਹਮੇਸ਼ਾਂ ਡਰ ਲੱਗਦਾ ਹੈ।
ਨਿਵਾਸੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਕਿਸੇ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।