ਪਾਣੀਪਤ ਜ਼ਿਲ੍ਹੇ ਦੇ ਰੌਣਕ ਭਰੇ ਮਹਾਂਵੀਰ ਬਾਜ਼ਾਰ ਵਿੱਚ ਇੱਕ ਐਸੀ ਅਨੋਖੀ ਘਟਨਾ ਸਾਹਮਣੇ ਆਈ ਜਿਸ ਨੇ ਸਾਰੇ ਖੇਤਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੱਥੇ ਇੱਕ ਦੁਕਾਨਦਾਰ ਨੂੰ ਕੁੱਤੇ ਵੱਲੋਂ ਵੱਢੇ ਜਾਣ ਦੀ ਘਟਨਾ ਹੋਈ ਪਰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਦੁਕਾਨਦਾਰ ਨੂੰ ਕੱਟਣ ਤੋਂ ਕੁਝ ਸਮੇਂ ਬਾਅਦ ਹੀ ਉਸ ਕੁੱਤੇ ਦੀ ਮੌਤ ਹੋ ਗਈ। ਇਹ ਦ੍ਰਿਸ਼ ਦੇਖ ਕੇ ਨਾ ਸਿਰਫ਼ ਦੁਕਾਨਦਾਰ ਬਲਕਿ ਆਸ-ਪਾਸ ਦੇ ਸਾਰੇ ਵਪਾਰੀ ਅਤੇ ਲੋਕ ਹੱਕੇ-ਬੱਕੇ ਰਹਿ ਗਏ।
ਦਰਅਸਲ, ਇਹ ਮਾਮਲਾ ਤਦ ਵਾਪਰਿਆ ਜਦੋਂ ਮਹਾਂਵੀਰ ਬਾਜ਼ਾਰ ਵਿੱਚ ਪ੍ਰੇਮ ਮੰਦਰ ਦੇ ਨੇੜੇ ਰਹਿਣ ਵਾਲੇ ਅਤੇ ਕਰਿਆਨੇ ਦੀ ਥੋਕ ਦੁਕਾਨ ਚਲਾਉਣ ਵਾਲੇ ਲਲਿਤ ਬਜਾਜ਼ ਆਪਣੀ ਦੁਕਾਨ ਦੇ ਬਾਹਰੋਂ ਮੋਟਰਸਾਈਕਲ ‘ਤੇ ਗੁਜ਼ਰ ਰਹੇ ਸਨ। ਉਸ ਸਮੇਂ ਬਾਜ਼ਾਰ ਵਿੱਚ ਦੋ ਕੁੱਤੇ ਆਪਸ ਵਿੱਚ ਲੜ ਰਹੇ ਸਨ। ਲਲਿਤ ਨੇ ਦੱਸਿਆ ਕਿ ਉਹ ਅਕਸਰ ਆਪਣੀ ਦੁਕਾਨ ਦੇ ਬਾਹਰ ਆਵਾਰਾ ਕੁੱਤਿਆਂ ਨੂੰ ਭਜਾਉਂਦਾ ਹੈ, ਕਿਉਂਕਿ ਇਹ ਗਾਹਕਾਂ ਨੂੰ ਵੱਢਣ ਦੀ ਕੋਸ਼ਿਸ਼ ਕਰਦੇ ਹਨ। ਉਸੇ ਤਰ੍ਹਾਂ, ਜਦੋਂ ਉਸਨੇ ਕੁੱਤਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਕੁੱਤੇ ਨੇ ਅਚਾਨਕ ਉਸਦਾ ਪੈਰ ਕੱਟ ਲਿਆ।
ਘਟਨਾ ਤੋਂ ਕੁਝ ਹੀ ਸਮੇਂ ਬਾਅਦ ਕੁੱਤੇ ਦੀ ਹਾਲਤ ਖਰਾਬ ਹੋ ਗਈ ਅਤੇ ਉਸਨੇ ਮੌਕਿਆਂ ‘ਤੇ ਹੀ ਦਮ ਤੋੜ ਦਿੱਤਾ। ਇਹ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਆਖਿਰ ਇੱਕ ਸਿਹਤਮੰਦ ਦਿਖਦਾ ਕੁੱਤਾ ਕਿਵੇਂ ਕੁਝ ਮਿੰਟਾਂ ਵਿੱਚ ਮਰ ਗਿਆ। ਲਲਿਤ ਬਜਾਜ਼ ਵੀ ਇਸ ਗੱਲ ਨਾਲ ਬਹੁਤ ਡਰ ਗਿਆ ਕਿ ਕਿਤੇ ਕੁੱਤਾ ਕਿਸੇ ਬਿਮਾਰੀ ਨਾਲ ਪੀੜਤ ਤਾਂ ਨਹੀਂ ਸੀ।
ਜ਼ਖ਼ਮੀ ਹਾਲਤ ਵਿੱਚ ਉਹ ਜਨ ਸੇਵਾ ਦਲ ਦੇ ਅਧਿਕਾਰੀ ਚਮਨ ਗੁਲਾਟੀ ਦੇ ਨਾਲ ਸਿਵਲ ਹਸਪਤਾਲ ਪਹੁੰਚਿਆ ਜਿੱਥੇ ਡਾਕਟਰਾਂ ਨੇ ਤੁਰੰਤ ਹੀ ਉਸਦਾ ਇਲਾਜ ਕੀਤਾ ਅਤੇ ਉਸਨੂੰ ਲਾਜ਼ਮੀ ਟੀਕੇ ਲਗਾਏ। ਡਾਕਟਰਾਂ ਦੇ ਅਨੁਸਾਰ, ਸੁਰੱਖਿਆ ਦੇ ਤੌਰ ‘ਤੇ ਮਰੀਜ਼ ਨੂੰ ਹੀਮੋਗਲੋਬਿਨ ਸਮੇਤ ਲੋੜੀਂਦੇ ਇੰਜੈਕਸ਼ਨ ਲਗਾਏ ਗਏ ਹਨ ਤਾਂ ਜੋ ਅੱਗੇ ਕੋਈ ਸਿਹਤ ਸੰਬੰਧੀ ਖ਼ਤਰਾ ਨਾ ਰਹੇ।
ਜਨ ਸੇਵਾ ਦਲ ਦੇ ਅਧਿਕਾਰੀ ਚਮਨ ਗੁਲਾਟੀ ਨੇ ਵੀ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਕਿਸੇ ਮਨੁੱਖ ਨੂੰ ਕੱਟਣ ਦੇ ਤੁਰੰਤ ਬਾਅਦ ਕੁੱਤੇ ਦੀ ਮੌਤ ਹੋ ਗਈ ਹੋਵੇ। ਹਾਲਾਂਕਿ ਕੁੱਤੇ ਦੀ ਮੌਤ ਦੇ ਪਿੱਛੇ ਅਸਲੀ ਕਾਰਨ ਕੀ ਹੈ, ਇਹ ਅਜੇ ਸਪਸ਼ਟ ਨਹੀਂ ਹੋ ਸਕਿਆ।
ਦੂਜੇ ਪਾਸੇ, ਬਾਜ਼ਾਰ ਦੇ ਵਪਾਰੀਆਂ ਅਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਵਧ ਰਹੀ ਸੰਖਿਆ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਨਿਗਮ ਵੱਲੋਂ ਕੁੱਤਿਆਂ ਦੀ ਨਸਬੰਦੀ ਲਈ ਮੁਹਿੰਮ ਸ਼ੁਰੂ ਤਾਂ ਕੀਤੀ ਗਈ ਸੀ ਪਰ ਇਸਦਾ ਕੋਈ ਵਾਸਤਵਿਕ ਅਸਰ ਮੈਦਾਨ ‘ਚ ਦਿੱਖ ਨਹੀਂ ਰਿਹਾ। ਆਵਾਰਾ ਕੁੱਤਿਆਂ ਦੇ ਵੱਧਣ ਕਾਰਨ ਲੋਕਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਕਈ ਵਾਰ ਛੋਟੇ ਬੱਚੇ ਅਤੇ ਬਜ਼ੁਰਗ ਵੀ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਬਣਦੇ ਹਨ।
ਇਸ ਅਨੋਖੀ ਘਟਨਾ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਾਇਆ ਹੈ। ਹੁਣ ਲੋਕਾਂ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਆਖਿਰ ਕੁੱਤੇ ਦੀ ਅਚਾਨਕ ਮੌਤ ਦੇ ਪਿੱਛੇ ਕੋਈ ਬਿਮਾਰੀ, ਜ਼ਹਿਰ ਜਾਂ ਹੋਰ ਕਾਰਣ ਸੀ? ਇਸਦਾ ਖੁਲਾਸਾ ਮੈਡੀਕਲ ਜਾਂਚ ਤੋਂ ਬਾਅਦ ਹੀ ਹੋ ਸਕੇਗਾ।