Site icon Punjab Mirror

ਹੁਣ ਤੱਕ 60 ਲੋਕਾਂ ਦੀ ਮੌਤ, -45 ਡਿਗਰੀ ਤੱਕ ਪੁੱਜਾ ਪਾਰਾ ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਨੇ ਮਚਾਈ ਤਬਾਹੀ

ਦੁਨੀਆ ਵਿੱਚ ਕਈ ਥਾਵਾਂ ‘ਤੇ ਬਰਫੀਲੀਆਂ ਹਵਾਵਾਂ ਅਤੇ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਅਮਰੀਕਾ ਵਿੱਚ ਜਿੱਥੇ ਬਰਫੀਲੇ ਚੱਕਰਵਾਤੀ ਤੂਫਾਨ ‘ਬੰਬ’ ਦੇ ਚੱਲਦਿਆਂ ਅਮਰੀਕਾ ਵਿੱਚ ਹੁਣ ਤੱਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਜਾਪਾਨ ਦੇ ਇੱਕ ਵੱਡੇ ਹਿੱਸੇ ਵਿੱਚ ਭਾਰੀ ਬਰਫਬਾਰੀ ਕਾਰਨ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 93 ਲੋਕ ਜ਼ਖਮੀ ਹੋ ਗਏ ਹਨ । ਇੱਥੇ ਸੈਂਕੜੇ ਘਰਾਂ ਵਿੱਚ ਬਿਜਲੀ ਗੁੱਲ ਹੈ। ਉੱਥੇ ਹੀ ਦੂਜੇ ਪਾਸੇ ਯੂਰਪ ਦੇ ਆਸਟ੍ਰੀਆ ਵਿੱਚ ਬਰਫ ਖਿਸਕਣ ਕਾਰਨ 10 ਲੋਕ ਲਾਪਤਾ ਹਨ।

ਅਮਰੀਕਾ ਵਿੱਚ ਕ੍ਰਿਸਮਸ ਦੌਰਾਨ ਆਏ ਬਰਫੀਲੇ ਤੂਫਾਨ ਨਾਲ ਦੇਸ਼ ਦੇ ਕਰੀਬ 20 ਕਰੋੜ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ। 49 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕੈਨੇਡਾ ਵਿੱਚ ਵੀ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੂਫਾਨ ਦਾ ਅਸਰ ਮੈਕਸੀਕੋ ਤੱਕ ਦੇਖਣ ਨੂੰ ਮਿਲ ਰਿਹਾ ਹੈ । ਇੱਥੇ ਮਰੀਜ਼ਾਂ ਤੱਕ ਐਂਬੂਲੈਂਸਾਂ ਨਹੀਂ ਪਹੁੰਚ ਪਾ ਰਹੀਆਂ ਹਨ ਅਤੇ ਕਈ ਸ਼ਹਿਰਾਂ ਵਿੱਚ ਬਿਜਲੀ ਵੀ ਗੁੱਲ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਅਤੇ ਮੋਂਟਾਨਾ ਵਰਗੇ ਸ਼ਹਿਰ ਹਨ ਜਿੱਥੇ ਤਾਪਮਾਨ ਮਨਫੀ 45 ਡਿਗਰੀ ਤੱਕ ਪਹੁੰਚ ਗਿਆ ਹੈ।

ਅਮਰੀਕੀ ਅਧਿਕਾਰੀ ਇਸ ਨੂੰ ਸਦੀ ਦਾ ਸਭ ਤੋਂ ਭਿਆਨਕ ਤੂਫਾਨ ਦੱਸ ਰਹੇ ਹਨ । ਅਮਰੀਕਾ ਦੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿੱਚ ਹੁਣ ਵੀ ਬਰਫੀਲੇ ਤੂਫਾਨ ਦੇ ਹਾਲਾਤ ਬਣੇ ਹੋਏ ਹਨ। ਪਿਛਲੇ ਕਈ ਦਿਨਾਂ ਤੋਂ ਅਮਰੀਕਾ ਇਸ ਨਾਲ ਜਕੜਿਆ ਹੋਇਆ ਹੈ। ਲੱਖਾਂ ਘਰਾਂ ਦੀ ਬਿਜਲੀ ਗੁੱਲ ਹੈ, ਆਵਾਜਾਈ ਠੱਪ ਹੈ ਅਤੇ ਚਾਰੇ ਪਾਸੇ ਬਰਫ ਹੈ। ਨੌਂ ਰਾਜਾਂ ਵਿੱਚ ਘੱਟੋ-ਘੱਟ 49 ਮੌਤਾਂ ਹੋਈਆਂ ਹਨ।

ਆਇਓਵਾ, ਵਿਸਕਾਨਸਿਨ, ਮਿਨੇਸੋਟਾ ਅਤੇ ਮਿਸ਼ੀਗਨ ਵਿੱਚ ਵੀ ਹਾਲਾਤ ਖਰਾਬ ਹਨ । ਅਮਰੀਕਾ ਦੇ ਬਫੇਲੋ ਵਿੱਚ ਜ਼ੀਰੋ ਵਿਜ਼ੀਬਿਲਟੀ, ਇੱਥੇ 12 ਮੌਤਾਂ ਹੋਈਆਂ ਹਨ। ਜਾਪਾਨ ਵਿੱਚ ਸੋਮਵਾਰ ਨੂੰ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਭਾਰੀ ਬਰਫਬਾਰੀ ਦੇ ਦੌਰਾਨ ਸੈਂਕੜੇ ਵਾਹਨ ਹਾਈਵੇਅ ‘ਤੇ ਫਸ ਗਏ ਹਨ। ਡਿਲੀਵਰੀ ਸੇਵਾਵਾਂ ਵਿੱਚ ਦੇਰੀ ਹੋ ਰਹੀ ਹੈ। ਸੋਮਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ ਜਦੋਂ ਕਿ 90 ਤੋਂ ਵੱਧ ਜ਼ਖਮੀ ਹਨ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਮੀਡੀਆ ਸਾਹਮਣੇ ਮੰਨਿਆ ਕਿ ਇਹ ਸਦੀ ਦਾ ਸਭ ਤੋਂ ਭਿਆਨਕ ਬਰਫੀਲਾ ਤੂਫਾਨ ਹੈ। ਪੱਛਮੀ ਨਿਊਯਾਰਕ ਦੇ ਇਲਾਕੇ 30 ਤੋਂ 40 ਇੰਚ ਬਰਫ ਨਾਲ ਢੱਕੇ ਰਹੇ । ਹੋਚੁਲ ਨੇ ਰਾਸ਼ਟਰਪਤੀ ਜੋਅ ਬਾਇਡੇਨ ਨਾਲ ਫੋਨ ‘ਤੇ ਗੱਲ ਕਰ ਉਨ੍ਹਾਂ ਤੋਂ ਮਦਦ ਦੀ ਗੁਹਾਰ ਲਗਾਈ । ਬਾਇਡੇਨ ਨੇ ਕਿਹਾ ਕਿ ਫੈਡਰਲ ਸਰਕਾਰ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

Exit mobile version