ਲੁਧਿਆਣਾ – ਪੰਜਾਬ ਦੀ ਉਪਜਾਊ ਜ਼ਮੀਨ ਨੂੰ ਬਚਾਉਣ ਲਈ, ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਗੈਰ-ਰਾਜਨੀਤਿਕ ਨੇ ਵੀਰਵਾਰ ਨੂੰ ਜੋਧਾਂ ਅਨਾਜ ਮੰਡੀ ਵਿੱਚ ਲੈਂਡ ਪੂਲਿੰਗ ਨੀਤੀ ਵਿਰੁੱਧ ਮਹਾਂਪੰਚਾਇਤ ਆਯੋਜਿਤ ਕੀਤੀ। ਇਸ ਵਿੱਚ ਦੇਸ਼ ਭਰ ਤੋਂ ਆਏ ਕਿਸਾਨ ਆਗੂਆਂ ਨੇ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਦੀ ਨੀਤੀ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੀਖ਼ਾ ਕਰਨ ਦਾ ਐਲਾਨ ਕੀਤਾ।ਕਿਸਾਨ ਆਗੂਆਂ ਨੇ ਦੱਸਿਆ ਕਿ ਲੈਂਡ ਪੂਲਿੰਗ ਰਾਹੀਂ ਸਰਕਾਰ ਕਰੋੜਾਂ ਰੁਪਏ ਦੀ ਉਪਜਾਊ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਯੋਜਨਾ ਬਣਾ ਰਹੀ ਹੈ। ਇਸ ਨਾਲ ਕਰੀਬ 65 ਹਜ਼ਾਰ ਏਕੜ ਜ਼ਮੀਨ ‘ਤੇ ਖੜੀਆਂ ਫਸਲਾਂ ਤਬਾਹ ਹੋਣ ਦਾ ਖ਼ਤਰਾ ਹੈ, ਜਿਸ ਨਾਲ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਮਹਾਂਪੰਚਾਇਤ ਵਿੱਚ ਐਲਾਨ ਕੀਤਾ ਗਿਆ ਕਿ ਐਮਐੱਸਪੀ ਗਾਰੰਟੀ ਕਾਨੂੰਨ, ਕਰਜ਼ਾ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿੱਚ ਮਹਾਂਪੰਚਾਇਤਾਂ ਕੀਤੀਆਂ ਜਾਣਗੀਆਂ। ਤਹਿ ਸ਼ਡਿਊਲ ਮੁਤਾਬਕ – 10 ਅਗਸਤ ਨੂੰ ਪਾਣੀਪਤ, 11 ਅਗਸਤ ਨੂੰ ਗੰਗਾ ਨਗਰ, 12 ਅਗਸਤ ਨੂੰ ਹਨੂੰਮਾਨਗੜ੍ਹ, 14 ਅਗਸਤ ਨੂੰ ਅਟਾਰਸੀ, 15 ਅਗਸਤ ਨੂੰ ਅਸ਼ੋਕ ਨਗਰ, 16 ਅਗਸਤ ਨੂੰ ਬਾਬਾ ਬਕਾਲਾ (ਅੰਮ੍ਰਿਤਸਰ), 17-19 ਅਗਸਤ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ, ਅਤੇ 25 ਅਗਸਤ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮਹਾਂਪੰਚਾਇਤ ਨੂੰ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸਿਰਸਾ, ਇੰਦਰਜੀਤ ਪੰਨੀਵਾਲਾ, ਰਾਜਬੀਰ ਸਿੰਘ, ਵੈਂਕਟੇਸ਼ਵਰ ਰਾਓ, ਪੀ.ਆਰ. ਪਾਂਡੀਅਨ ਅਤੇ ਹਰੀਕਸ਼ ਕਬਰਚਾ ਸਮੇਤ ਕਈ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।