ਲੁਧਿਆਣਾ – ਆਤਮ ਨਗਰ ਹਲਕੇ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗੱਡੀ ‘ਤੇ ਹੋਈ ਗੋਲੀਬਾਰੀ ਮਾਮਲੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਅਣਪਛਾਤੇ ਲੋਕਾਂ ਵੱਲੋਂ ਉਨ੍ਹਾਂ ਦੀ ਗੱਡੀ ‘ਤੇ ਫਾਇਰ ਕੀਤੇ ਗਏ ਸਨ, ਪਰ ਹੁਣ ਖ਼ੁਦ ਬੈਂਸ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਦੇ ਪਿੱਛੇ ਉਨ੍ਹਾਂ ਦੇ ਵੱਡੇ ਭਰਾ ਪਰਮਜੀਤ ਸਿੰਘ ਬੈਂਸ ਦਾ ਹੱਥ ਹੈ।
ਸਿਮਰਜੀਤ ਬੈਂਸ ਨੇ ਕਿਹਾ ਕਿ ਪਰਿਵਾਰਕ ਝਗੜੇ ਹੋਣ ਸੁਭਾਵਿਕ ਗੱਲ ਹੈ ਪਰ ਉਸਨੂੰ ਜਨਤਕ ਮੰਚ ‘ਤੇ ਲਿਆਉਣ ਵਾਲੇ ਵੀ ਉਸਦੇ ਆਪਣੇ ਰਿਸ਼ਤੇਦਾਰ ਹੀ ਹਨ। ਉਨ੍ਹਾਂ ਨੇ ਦੱਸਿਆ ਕਿ ਸਾਲ 2023 ਵਿੱਚ ਪਰਿਵਾਰਕ ਜਾਇਦਾਦ ਅਤੇ ਕਾਰੋਬਾਰ ਦੀ ਵੰਡ ਹੋ ਚੁੱਕੀ ਸੀ ਅਤੇ ਇਸ ਸੰਬੰਧੀ ਐਗਰੀਮੈਂਟ ਵੀ ਬਣੇ ਸਨ, ਜਿਨ੍ਹਾਂ ‘ਤੇ ਵੱਡੇ ਭਰਾ ਪਰਮਜੀਤ ਨੇ ਪਰਿਵਾਰ ਦੀ ਹਾਜ਼ਰੀ ਵਿੱਚ ਦਸਤਖ਼ਤ ਕੀਤੇ ਸਨ।
ਸਾਬਕਾ ਵਿਧਾਇਕ ਮੁਤਾਬਕ, ਇਸ ਵੰਡ ਤੋਂ ਬਾਅਦ ਉਹ ਕੰਪਨੀ ਦੇ ਕੰਮਕਾਜ ਨੂੰ ਸੰਭਾਲ ਰਹੇ ਹਨ, ਜਿੱਥੇ ਹਜ਼ਾਰਾਂ ਕਰਮਚਾਰੀ ਕੰਮ ਕਰ ਰਹੇ ਹਨ। ਪਰ ਹੁਣ ਉਨ੍ਹਾਂ ਦੇ ਵੱਡੇ ਭਰਾ ਪਰਮਜੀਤ ਸਿੰਘ ਇਸ ਕੰਪਨੀ ‘ਚੋਂ ਆਪਣਾ ਹਿੱਸਾ ਮੰਗ ਰਹੇ ਹਨ। ਬੈਂਸ ਨੇ ਦਾਅਵਾ ਕੀਤਾ ਕਿ ਇਸ ਬਾਰੇ ਪਰਮਜੀਤ ਨੇ ਅਦਾਲਤ ਰਾਹੀਂ ਵੀ ਕੋਸ਼ਿਸ਼ ਕੀਤੀ ਸੀ ਪਰ ਕੇਸ ਉਹ ਹਾਰ ਚੁੱਕੇ ਹਨ।
ਸਿਮਰਜੀਤ ਬੈਂਸ ਨੇ ਗੰਭੀਰ ਦੋਸ਼ ਲਗਾਇਆ ਕਿ ਹੌਂਸਲਾ ਟੁੱਟਣ ਕਰਕੇ ਹੀ ਉਨ੍ਹਾਂ ਦੇ ਭਰਾ ਨੇ ਬੀਤੇ ਦਿਨਾਂ ਉਨ੍ਹਾਂ ਦੀ ਗੱਡੀ ‘ਤੇ 6–7 ਫਾਇਰ ਕੀਤੇ। ਖੁਸ਼ਕਿਸਮਤੀ ਨਾਲ ਉਹ ਖੁਦ ਗੱਡੀ ਵਿੱਚ ਮੌਜੂਦ ਨਹੀਂ ਸਨ। ਉਸ ਵੇਲੇ ਉਨ੍ਹਾਂ ਦਾ ਪੀ.ਏ. ਮਨਿੰਦਰ ਸਿੰਘ (ਮਨੀ) ਗੱਡੀ ਵਿੱਚ ਸੀ, ਜੋ ਵਾਲ-ਵਾਲ ਬਚ ਕੇ ਘਰ ਅੰਦਰ ਦਾਖ਼ਲ ਹੋ ਗਿਆ। ਮਨੀ ਨੇ ਬੈਂਸ ਨੂੰ ਦੱਸਿਆ ਕਿ ਗੋਲੀਬਾਰੀ ਉਨ੍ਹਾਂ ਦੇ ਵੱਡੇ ਭਰਾ ਪਰਮਜੀਤ ਨੇ ਹੀ ਕੀਤੀ ਸੀ।
ਬੈਂਸ ਨੇ ਇਹ ਵੀ ਕਿਹਾ ਕਿ ਘਰ ਦੇ ਗੇਟ ‘ਤੇ ਤਾਇਨਾਤ ਗਾਰਡ ਨੇ ਵੀ ਪੁਸ਼ਟੀ ਕੀਤੀ ਕਿ ਘਟਨਾ ਤੋਂ ਬਾਅਦ ਪਰਮਜੀਤ ਸਿੰਘ ਮੌਕੇ ਤੋਂ ਚਲੇ ਗਏ ਸਨ। ਇਸ ਤੋਂ ਬਾਅਦ ਉਹ ਬਾਹਰ ਆਏ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਡਿਪੈਂਡਰ ਗੱਡੀ ਨੂੰ ਕਈ ਗੋਲੀਆਂ ਲੱਗੀਆਂ ਹਨ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਪਰਮਜੀਤ ਸਿੰਘ ਬੈਂਸ ਅਤੇ ਉਸਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ।
ਮੀਡੀਆ ਨਾਲ ਗੱਲਬਾਤ ਦੌਰਾਨ ਸਿਮਰਜੀਤ ਬੈਂਸ ਭਾਵੁਕ ਵੀ ਹੋ ਗਏ। ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਨੂੰ ਰਾਜਨੀਤਿਕ ਤੌਰ ‘ਤੇ ਭੜਕਾਇਆ ਜਾ ਰਿਹਾ ਹੈ ਤਾਂ ਜੋ ਉਹ ਉਨ੍ਹਾਂ ਦੇ ਖ਼ਿਲਾਫ਼ ਪ੍ਰੈਸ ਕਾਨਫਰੰਸ ਕਰਨ। ਬੈਂਸ ਨੇ ਕਿਹਾ – “ਜੇ ਉਹ ਲੋਕ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੇ ਹਨ ਤਾਂ ਕਰਨ, ਤਾਂ ਜੋ ਉਨ੍ਹਾਂ ਦਾ ਚਿਹਰਾ ਜਨਤਾ ਅੱਗੇ ਨੰਗਾ ਹੋ ਸਕੇ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ‘ਤੇ ਪਹਿਲਾਂ ਵੀ ਕਈ ਗੰਭੀਰ ਇਲਜ਼ਾਮ ਲਗੇ ਹਨ—ਕਿਸੇ ਨੇ ਉਨ੍ਹਾਂ ਨੂੰ ਬਿਜਲੀ ਚੋਰ, ਕਿਸੇ ਨੇ ਬਲਾਤਕਾਰੀ ਤੇ ਕਿਸੇ ਨੇ ਚਿੱਟਾ ਵੇਚਣ ਵਾਲਾ ਤੱਕ ਕਿਹਾ, ਪਰ ਉਹਨਾਂ ਨੇ ਹਮੇਸ਼ਾਂ ਇਹਨਾਂ ਇਲਜ਼ਾਮਾਂ ਨੂੰ ਸਹਿੰਦਾ ਆਇਆ ਹੈ। “ਮੈਂ ਪਾਕ-ਸਾਫ਼ ਹਾਂ ਅਤੇ ਮੈਨੂੰ ਗੁਰੂ ਸਾਹਿਬ ਤੇ ਪੂਰਾ ਭਰੋਸਾ ਹੈ,” ਬੈਂਸ ਨੇ ਕਿਹਾ।