ਗਾਜ਼ੀਆਬਾਦ (ਉੱਤਰ ਪ੍ਰਦੇਸ਼) ਤੋਂ ਇੱਕ ਚੌਕਾਣ ਵਾਲਾ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੀ ਇੱਕ ਵਿਆਹਸ਼ੁਦਾ ਔਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਿਰੁੱਧ ਮਹਿਲਾ ਪੁਲਿਸ ਥਾਣੇ ਵਿੱਚ ਗੰਭੀਰ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਦਾ ਦਾਅਵਾ ਹੈ ਕਿ ਉਸਦਾ ਪਤੀ, ਜੋ ਕਿ ਇੱਕ ਸਰਕਾਰੀ ਸਰੀਰਕ ਸਿੱਖਿਆ ਅਧਿਆਪਕ ਹੈ, ਉਸਨੂੰ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਵਰਗਾ ਦਿਖਣ ਲਈ ਦਿਨਾਂ ਤੱਕ ਤੜਫ਼ਾਉਂਦਾ ਸੀ।
ਔਰਤ ਨੇ ਦੱਸਿਆ ਕਿ ਉਸਦਾ ਪਤੀ ਉਸਨੂੰ ਹਰ ਰੋਜ਼ ਤਿੰਨ ਤੋਂ ਚਾਰ ਘੰਟੇ ਤੱਕ ਕਸਰਤ ਕਰਨ ਲਈ ਮਜਬੂਰ ਕਰਦਾ ਸੀ। ਜੇਕਰ ਉਹ ਥਕਾਵਟ ਜਾਂ ਸਿਹਤ ਕਾਰਨ ਕਸਰਤ ਪੂਰੀ ਨਾ ਕਰਦੀ ਤਾਂ ਉਸਨੂੰ ਸਜ਼ਾ ਵਜੋਂ ਭੁੱਖਾ ਰੱਖਿਆ ਜਾਂਦਾ ਸੀ। ਪੀੜਤਾ ਨੇ ਇਹ ਵੀ ਦੱਸਿਆ ਕਿ ਪਤੀ ਉਸਨੂੰ ਅਕਸਰ ਤਾਅਨੇ ਮਾਰਦਾ ਸੀ ਕਿ ਉਸਦੀ ਜ਼ਿੰਦਗੀ ਬਰਬਾਦ ਹੋ ਗਈ ਹੈ, ਕਿਉਂਕਿ ਉਸਨੂੰ ਨੋਰਾ ਫਤੇਹੀ ਵਰਗੀ ਸੁੰਦਰ ਅਤੇ ਆਕਰਸ਼ਕ ਪਤਨੀ ਮਿਲ ਸਕਦੀ ਸੀ।
ਵਿਆਹ ’ਤੇ ਕਰੋੜਾਂ ਦਾ ਖਰਚ, ਫਿਰ ਵੀ ਵਧੇਰੇ ਦਾਜ਼ ਦੀ ਮੰਗ
ਸ਼ਿਕਾਇਤ ਅਨੁਸਾਰ, ਮਾਰਚ 2025 ਵਿੱਚ ਦੋਵਾਂ ਦਾ ਵਿਆਹ ਸ਼ਾਨੋ-ਸ਼ੌਕਤ ਨਾਲ ਹੋਇਆ ਸੀ। ਇਸ ਦੌਰਾਨ ਲਗਭਗ 76 ਲੱਖ ਰੁਪਏ ਖਰਚ ਕੀਤੇ ਗਏ, ਜਿਸ ਵਿੱਚ 24 ਲੱਖ ਦੀ ਮਹਿੰਦਰਾ ਸਕਾਰਪੀਓ, 10 ਲੱਖ ਨਕਦ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਤੋਹਫ਼ੇ ਸ਼ਾਮਲ ਸਨ। ਪਰ ਵਿਆਹ ਤੋਂ ਬਾਅਦ ਵੀ ਸਹੁਰੇ ਪਰਿਵਾਰ ਨੇ ਦਾਜ਼ ਲਈ ਨਵੀਆਂ-ਨਵੀਆਂ ਮੰਗਾਂ ਕਰਨੀ ਸ਼ੁਰੂ ਕਰ ਦਿੱਤੀਆਂ।
ਜਦੋਂ ਔਰਤ ਨੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਤੋਂ ਇਨਕਾਰ ਕੀਤਾ, ਤਾਂ ਉਸ ਨਾਲ ਬਦਸਲੂਕੀ, ਮਾਨਸਿਕ ਦਬਾਅ ਅਤੇ ਘਰੇਲੂ ਹਿੰਸਾ ਕੀਤੀ ਜਾਣ ਲੱਗੀ।
ਅਸ਼ਲੀਲ ਸਮੱਗਰੀ ਦੇਖਣ ਅਤੇ ਵਿਰੋਧ ਕਰਨ ’ਤੇ ਕੁੱਟਮਾਰ
ਪੀੜਤਾ ਨੇ ਇਹ ਵੀ ਦੱਸਿਆ ਕਿ ਉਸਦਾ ਪਤੀ ਅਕਸਰ ਦੂਜੀਆਂ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਦੇਖਦਾ ਸੀ। ਜਦੋਂ ਉਸਨੇ ਇਸ ਦਾ ਵਿਰੋਧ ਕੀਤਾ, ਤਾਂ ਉਸਨੂੰ ਨਾ ਸਿਰਫ਼ ਕੁੱਟਿਆ ਗਿਆ, ਸਗੋਂ ਘਰੋਂ ਕੱਢਣ ਦੀ ਧਮਕੀ ਵੀ ਦਿੱਤੀ ਗਈ।
ਗਰਭ ਅਵਸਥਾ ਦੌਰਾਨ ਜ਼ਹਿਰਲੇ ਤਜਰਬੇ, ਗਰਭਪਾਤ ਦੇ ਗੰਭੀਰ ਇਲਜ਼ਾਮ
ਵਿਆਹ ਤੋਂ ਕੁਝ ਸਮੇਂ ਬਾਅਦ ਪੀੜਤਾ ਗਰਭਵਤੀ ਹੋ ਗਈ ਸੀ। ਪਰ ਸ਼ਿਕਾਇਤ ਅਨੁਸਾਰ, ਇਸ ਦੌਰਾਨ ਵੀ ਉਸਦੇ ਨਾਲ ਬੁਰਾ ਸਲੂਕ ਕੀਤਾ ਗਿਆ। ਸਹੁਰਿਆਂ ਵੱਲੋਂ ਉਸਨੂੰ ਗਲਤ ਖਾਣ-ਪੀਣ ਦਿੱਤਾ ਜਾਂਦਾ ਸੀ, ਜਿਸ ਕਾਰਨ ਉਸਦੀ ਸਿਹਤ ਵਿਗੜ ਗਈ। ਜੁਲਾਈ 2025 ਵਿੱਚ ਉਸਨੂੰ ਅਚਾਨਕ ਤੇਜ਼ ਦਰਦ ਅਤੇ ਬਹੁਤ ਖੂਨ ਵਹਿਣ ਕਾਰਨ ਹਸਪਤਾਲ ਲਿਜਾਇਆ ਗਿਆ।
ਡਾਕਟਰਾਂ ਨੇ ਜਾਂਚ ਵਿੱਚ ਸਪਸ਼ਟ ਕੀਤਾ ਕਿ ਲਗਾਤਾਰ ਮਾਨਸਿਕ ਤਣਾਅ, ਸਰੀਰਕ ਤਸ਼ੱਦਦ ਅਤੇ ਗਲਤ ਡਾਇਟ ਕਾਰਨ ਉਸਦਾ ਗਰਭਪਾਤ ਹੋਇਆ ਹੈ। ਇਸ ਵੇਲੇ ਵੀ ਪਤੀ ਅਤੇ ਸਹੁਰਿਆਂ ਨੇ ਉਸਦੀ ਕੋਈ ਸਹਾਇਤਾ ਨਹੀਂ ਕੀਤੀ।
ਮਾਪਿਆਂ ਦੇ ਘਰ ਰਹਿੰਦੀ ਵੀ ਮਿਲੀਆਂ ਧਮਕੀਆਂ
ਗਰਭਪਾਤ ਤੋਂ ਬਾਅਦ ਟੁੱਟ ਚੁੱਕੀ ਔਰਤ ਆਪਣੇ ਮਾਪਿਆਂ ਦੇ ਘਰ ਚਲੀ ਗਈ। ਪਰ ਇੱਥੇ ਵੀ ਉਸਨੂੰ ਚੈਨ ਨਹੀਂ ਮਿਲਿਆ। ਉਸਨੇ ਦੱਸਿਆ ਕਿ ਪਤੀ ਅਤੇ ਸਹੁਰੇ ਵੀਡੀਓ ਕਾਲਾਂ ਰਾਹੀਂ ਉਸਨੂੰ ਗਾਲਾਂ ਕੱਢਦੇ ਅਤੇ ਤਲਾਕ ਦੀ ਧਮਕੀ ਦਿੰਦੇ ਰਹੇ।
26 ਜੁਲਾਈ ਨੂੰ ਜਦੋਂ ਉਹ ਆਪਣੇ ਮਾਪਿਆਂ ਨਾਲ ਗੱਲਬਾਤ ਕਰਨ ਸਹੁਰੇ ਘਰ ਗਈ ਤਾਂ ਉਸਨੂੰ ਘਰ ਅੰਦਰ ਦਾਖਲ ਹੋਣ ਤੱਕ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਥੋਂ ਤੱਕ ਕਿ ਉਸਦੇ ਮਾਮੇ ਵੱਲੋਂ ਦਿੱਤੇ ਗਏ ਗਹਿਣੇ ਵੀ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।
ਪੁਲਿਸ ਕੋਲ ਇਨਸਾਫ਼ ਦੀ ਅਪੀਲ
ਆਪਣੀ ਸ਼ਿਕਾਇਤ ਵਿੱਚ ਔਰਤ ਨੇ ਦਾਜ਼ ਉਤਪੀੜਨ, ਘਰੇਲੂ ਹਿੰਸਾ, ਗਰਭਪਾਤ, ਧਮਕੀਆਂ ਅਤੇ ਬਲੈਕਮੇਲਿੰਗ ਵਰਗੇ ਗੰਭੀਰ ਦੋਸ਼ ਪਤੀ ਅਤੇ ਸਹੁਰੇ ਪਰਿਵਾਰ ’ਤੇ ਲਗਾਏ ਹਨ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਪੀੜਤਾ ਦੀ ਮੈਡੀਕਲ ਰਿਪੋਰਟ, ਹਸਪਤਾਲ ਦਸਤਾਵੇਜ਼ ਅਤੇ ਹੋਰ ਸਬੂਤ ਇਕੱਠੇ ਕਰਕੇ ਸਾਰੇ ਦੋਸ਼ਾਂ ਦੀ ਪੁਸ਼ਟੀ ਕੀਤੀ ਜਾਵੇਗੀ।