ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਲਗਾਤਾਰ ਰਾਹਤ ਕਾਰਜ ਕਰ ਰਹੀ ਹੈ। ਇਸ ਸੰਦਰਭ ਵਿੱਚ ਸੋਮਵਾਰ ਨੂੰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੇ ਗਏ ਫੰਡਾਂ ਅਤੇ ਰਾਹਤ ਕਾਰਜਾਂ ਦੇ ਵੇਰਵੇ ਸਾਂਝੇ ਕੀਤੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਹਾਲਾਂਕਿ ਸਰਕਾਰ ਦਾ ਇਹ ਜਿੰਮੇਵਾਰ ਹੈ ਕਿ ਉਹ ਹੜ੍ਹ ਪੀੜਤਾਂ ਨੂੰ ਸਹਾਇਤਾ ਮੁਹਈਆ ਕਰਵਾਏ, ਪਰ ਮਨੁੱਖਤਾ ਦੀ ਭਾਵਨਾ ਅਨੁਸਾਰ SGPC ਲਗਾਤਾਰ ਹਰ ਸੰਭਵ ਸਹਿਯੋਗ ਪ੍ਰਦਾਨ ਕਰ ਰਹੀ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਮੁੜ ਵਸੇਬੇ ਦਾ ਪ੍ਰਬੰਧ ਬੜੀ ਜ਼ਰੂਰਤ ਹੈ ਅਤੇ ਇਸ ਕੰਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਗੁਰਦੁਆਰਾ ਮੈਨੇਜਰਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਹੜ੍ਹ ਰਾਸ਼ਨ ਅਤੇ ਪਾਣੀ ਦੀ ਸੇਵਾ ਮੁਹਈਆ ਕਰਵਾਏ।
ਐਡਵੋਕੇਟ ਧਾਮੀ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ SGPC ਦਾ ਆਪਸੀ ਰਿਸ਼ਤਾ ਮਾਂ-ਪੁੱਤ ਵਰਗਾ ਹੈ। ਹੜ੍ਹ ਪੀੜਤਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵੱਡਾ ਸਹਿਯੋਗ ਮਿਲ ਰਿਹਾ ਹੈ। ਇਹ ਸਹਿਯੋਗ ਲਗਾਤਾਰ ਜਾਰੀ ਰਹੇਗਾ ਅਤੇ ਜਿੱਥੇ ਜਿੱਥੇ ਲੋਕ ਬੰਨ ਬੰਨੇ ਹੋ ਰਹੇ ਹਨ, ਉੱਥੇ ਡੀਜ਼ਲ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤਹਿਤ ਖੇਮਕਰਨ ਸਰਹੱਦ ‘ਤੇ 6,000 ਲੀਟਰ, ਸੁਲਤਾਨਪੁਰ ਲੋਧੀ ਵਿਖੇ 11,000 ਲੀਟਰ ਅਤੇ 25 ਸਤੰਬਰ ਨੂੰ 8,000 ਲੀਟਰ ਹੋਰ ਡੀਜ਼ਲ ਭੇਜਿਆ ਜਾਵੇਗਾ। ਡੇਰਾ ਬਾਬਾ ਨਾਨਕ ਵਿਖੇ ਵੀ ਕੋਰੀਡੋਰ ਨੇੜੇ ਪਾੜ ਪੂਰਨ ਦੀ ਸੇਵਾ ਜਾਰੀ ਹੈ, ਜਿੱਥੇ ਪਹਿਲਾਂ 5,000 ਲੀਟਰ ਭੇਜਿਆ ਗਿਆ ਹੈ ਅਤੇ ਜਲਦ ਹੋਰ 5,000 ਲੀਟਰ ਭੇਜਿਆ ਜਾਵੇਗਾ। ਇਸਦੇ ਨਾਲ-ਨਾਲ ਛੋਟੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਉੱਚ ਕੁਆਲਿਟੀ ਦੇ ਬੀਜ ਵੀ ਮੁਹਈਆ ਕਰਵਾਏ ਜਾਣਗੇ, ਜਦਕਿ ਡੀਜ਼ਲ ਸੇਵਾ ਬਿਜਾਈ ਤੱਕ ਜਾਰੀ ਰਹੇਗੀ।
ਹੜ੍ਹ ਪੀੜਤਾਂ ਲਈ ਇਕੱਤਰ ਫੰਡਾਂ ਦਾ ਵੇਰਵਾ
ਐਡਵੋਕੇਟ ਧਾਮੀ ਨੇ ਦੱਸਿਆ ਕਿ SGPC ਦੇ ਪੋਰਟਲ ‘ਤੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੇ ਫੰਡਾਂ ਅਤੇ ਖਰਚੇ ਦੀ ਪੂਰੀ ਜਾਣਕਾਰੀ ਨਿਰੰਤਰ ਸਾਂਝੀ ਕੀਤੀ ਜਾ ਰਹੀ ਹੈ। ਹੁਣ ਤੱਕ SGPC ਕੋਲ ਲਗਭਗ 7 ਕਰੋੜ ਰੁਪਏ ਫੰਡ ਇਕੱਠੇ ਹੋ ਚੁੱਕੇ ਹਨ। ਇਸ ਵਿੱਚੋਂ ਹੁਣ ਤੱਕ 1 ਕਰੋੜ 14 ਲੱਖ 31 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ। ਇਸ ਰਾਹਤ ਵਿੱਚ SGPC ਦੇ ਮੁਲਾਜ਼ਮਾਂ ਨੇ 2 ਕਰੋੜ ਤੋਂ ਵੱਧ, ਕਾਊਂਟਰ ਤੇ ਸੰਗਤ ਨੇ 2 ਕਰੋੜ ਤੋਂ ਵੱਧ, ਮੈਂਬਰ ਸਾਹਿਬਾਨ ਨੇ 3 ਲੱਖ 41 ਹਜ਼ਾਰ ਰੁਪਏ, ਕੁਲਵੰਤ ਸਿੰਘ ਮੰਨਣ ਨੇ 1 ਲੱਖ ਰੁਪਏ, ਅਤੇ ਸੰਗਤ ਵੱਲੋਂ ਲਗਭਗ 80 ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ SGPC ਹੜ੍ਹ ਪੀੜਤਾਂ ਲਈ ਮੁੜ ਵਸੇਬੇ ਦਾ ਕੰਮ ਜਾਰੀ ਰੱਖੇਗੀ ਅਤੇ ਦੇਸ਼-ਵਿਦੇਸ਼ ਦੀ ਸੰਗਤ ਵੱਧ ਚੜ੍ਹ ਕੇ ਸਹਿਯੋਗ ਦੇ ਰਹੀ ਹੈ। ਇਸਦੇ ਨਾਲ-ਨਾਲ SGPC ਨੇ ਆਪਣੀ ਤਰਫੋਂ 20 ਕਰੋੜ ਰੁਪਏ ਦੀ ਰਾਸ਼ੀ ਵੀ ਰਾਖਵੀਂ ਹੈ, ਜੋ ਭਵਿੱਖੀ ਰਾਹਤ ਕਾਰਜਾਂ ਲਈ ਵਰਤੀ ਜਾਵੇਗੀ।