ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਖੇਤਰ ‘ਚ ਇਕ ਰੂਹ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਦੇ ਇਕ ਪਿੰਡ ਵਿਚ ਦੋ ਨੌਜਵਾਨਾਂ ਵੱਲੋਂ ਇਕ ਨਾਬਾਲਗ ਕੁੜੀ ਨਾਲ ਜਬਰਦਸਤੀ ਦੁਰਵਿਵਹਾਰ ਕੀਤਾ ਗਿਆ। ਕੁਝ ਮਹੀਨਿਆਂ ਤੱਕ ਇਹ ਮਾਮਲਾ ਗੁਪਤ ਰਿਹਾ ਕਿਉਂਕਿ ਆਰੋਪੀਆਂ ਵੱਲੋਂ ਕੁੜੀ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਡਰ ਅਤੇ ਸਹਿਮ ਕਾਰਨ ਪੀੜਤ ਕੁੜੀ ਆਪਣੇ ਪਰਿਵਾਰ ਨੂੰ ਸੱਚਾਈ ਨਹੀਂ ਦੱਸ ਸਕੀ। ਹੁਣ, ਨੌਂ ਮਹੀਨੇ ਬਾਅਦ, ਕੁੜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਇਹ ਮਾਮਲਾ ਸਾਫ਼ ਹੋ ਗਿਆ।
ਪੁਲਿਸ ਨੇ ਪੀੜਤ ਕੁੜੀ ਦੀ ਮਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਦੀਪਇੰਦਰ ਸਿੰਘ ਜੇਜੀ ਦੇ ਅਨੁਸਾਰ, ਪੀੜਤਾ ਦੀ ਉਮਰ ਸਿਰਫ਼ 16 ਸਾਲ ਹੈ। ਘਟਨਾ ਫਰਵਰੀ 2025 ਦੀ ਹੈ, ਜਦੋਂ ਕੁੜੀ ਘਰ ਵਿੱਚ ਇਕੱਲੀ ਸੀ। ਦੋ ਨੌਜਵਾਨ, ਜਿਨ੍ਹਾਂ ਦੀ ਉਮਰ ਲਗਭਗ 21 ਤੋਂ 22 ਸਾਲ ਹੈ, ਘਰ ਵਿੱਚ ਦਾਖਲ ਹੋਏ, ਕੁੜੀ ਦੇ ਮੂੰਹ ਉੱਤੇ ਹੱਥ ਰੱਖ ਕੇ ਜਬਰਦਸਤੀ ਬਰਾਂਡੇ ਵਿੱਚ ਲੈ ਗਏ ਅਤੇ ਉਸ ਨਾਲ ਦੁਰਵਿਵਹਾਰ ਕੀਤਾ।
ਦੋਵੇਂ ਆਰੋਪੀ ਕੁੜੀ ਨੂੰ ਧਮਕਾ ਕੇ ਮੌਕੇ ਤੋਂ ਫਰਾਰ ਹੋ ਗਏ। 11 ਅਕਤੂਬਰ ਨੂੰ, ਜਦੋਂ ਕੁੜੀ ਨੂੰ ਪੇਟ ਵਿੱਚ ਤੇਜ਼ ਦਰਦ ਮਹਿਸੂਸ ਹੋਇਆ, ਤਦ ਉਸਦੀ ਮਾਂ ਉਸਨੂੰ ਸੰਗਰੂਰ ਹਸਪਤਾਲ ਲੈ ਗਈ। ਇਲਾਜ ਦੌਰਾਨ ਕੁੜੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ, ਜਿਸ ਨਾਲ ਸਾਰੀ ਘਟਨਾ ਬਾਹਰ ਆ ਗਈ। ਪੁਲਿਸ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਆਰੋਪੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ।