ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਖਿਡਾਰੀ ਰੌਬਿਨ ਉਥੱਪਾ ਦਾ ਨਾਮ ਵੀ ਹੁਣ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਐਪ ਮਾਮਲੇ ਨਾਲ ਜੁੜ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਨ੍ਹਾਂ ਨੂੰ 22 ਸਤੰਬਰ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਹੈ। ਇਹ ਮਾਮਲਾ 1xBet ਨਾਂ ਦੇ ਬੇਟਿੰਗ ਪਲੇਟਫਾਰਮ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦਾ ਹਿੱਸਾ ਹੈ।
ਉਥੱਪਾ, ਜੋ ਇਸ ਵੇਲੇ ਏਸ਼ੀਆ ਕੱਪ 2025 ਵਿੱਚ ਕੁਮੈਂਟਰੀ ਪੈਨਲ ਦਾ ਹਿੱਸਾ ਹਨ, ਨੂੰ ਹੁਣ ਦਿੱਲੀ ਸਥਿਤ ਈਡੀ ਦਫ਼ਤਰ ਵਿੱਚ ਆਪਣਾ ਬਿਆਨ ਦਰਜ ਕਰਵਾਉਣਾ ਪਵੇਗਾ। ਉਹ ਇਸ ਕੇਸ ਵਿੱਚ ਤਲਬ ਕੀਤੇ ਗਏ ਤੀਜੇ ਸਾਬਕਾ ਭਾਰਤੀ ਕ੍ਰਿਕਟਰ ਹਨ। ਇਸ ਤੋਂ ਪਹਿਲਾਂ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਤੋਂ ਵੀ ਏਜੰਸੀ ਪੁੱਛਗਿੱਛ ਕਰ ਚੁੱਕੀ ਹੈ।
ਕੀ ਹੈ ਪੂਰਾ ਮਾਮਲਾ?
ਈਡੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰੌਬਿਨ ਉਥੱਪਾ ਦਾ 1xBet ਨਾਲ ਕੀ ਕੋਈ ਸਿੱਧਾ ਜਾਂ ਅਪਰੋਕਸ਼ ਸਬੰਧ ਸੀ? ਜਾਂ ਫਿਰ ਕੀ ਉਹਨਾਂ ਦੀ ਤਸਵੀਰ ਜਾਂ ਨਾਮ ਇਸ ਐਪ ਦੀ ਪ੍ਰਚਾਰਨਾ ਵਿੱਚ ਵਰਤੇ ਗਏ ਸਨ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਕੋਈ ਭੁਗਤਾਨ ਕੀਤਾ ਗਿਆ ਸੀ?
ਜਾਂਚ ਏਜੰਸੀ ਇਸ ਗੱਲ ਨੂੰ ਵੀ ਖੰਗਾਲ ਰਹੀ ਹੈ ਕਿ ਉਥੱਪਾ ਨੇ ਕਿਤੇ ਕਿਸੇ ਵਿੱਤੀ ਸੌਦੇਬਾਜ਼ੀ ਜਾਂ ਭਾਈਵਾਲੀ ਰਾਹੀਂ ਇਸ ਗੈਰ-ਕਾਨੂੰਨੀ ਨੈੱਟਵਰਕ ਵਿੱਚ ਹਿੱਸਾ ਤਾਂ ਨਹੀਂ ਲਿਆ। ਇਹ ਪੂਰੀ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਕੀਤੀ ਜਾ ਰਹੀ ਹੈ ਅਤੇ ਇਸੇ ਐਕਟ ਅਧੀਨ ਉਥੱਪਾ ਦਾ ਵਿਸਥਾਰ ਨਾਲ ਬਿਆਨ ਦਰਜ ਕੀਤਾ ਜਾਵੇਗਾ।
ਸਿਰਫ਼ ਕ੍ਰਿਕਟਰ ਹੀ ਨਹੀਂ, ਫ਼ਿਲਮ ਸਿਤਾਰੇ ਵੀ ਘਿਰੇ
ਇਸ ਮਾਮਲੇ ਵਿੱਚ ਕੇਵਲ ਕ੍ਰਿਕਟਰ ਹੀ ਨਹੀਂ ਸਗੋਂ ਸਿਨੇਮਾ ਜਗਤ ਦੇ ਕਈ ਚਰਚਿਤ ਨਾਂ ਵੀ ਈਡੀ ਦੇ ਰਡਾਰ ‘ਤੇ ਹਨ। ਹਾਲ ਹੀ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਅਤੇ ਬੰਗਾਲੀ ਅਦਾਕਾਰਾ ਮਿਮੀ ਚੱਕਰਵਰਤੀ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ। ਉਸੇ ਦਿਨ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਵੀ ਏਜੰਸੀ ਅੱਗੇ ਪੇਸ਼ ਹੋਏ ਸਨ।
ਦੂਜੇ ਪਾਸੇ, ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ, ਜੋ 1xBet ਦੀ ਇੰਡੀਆ ਬ੍ਰਾਂਡ ਅੰਬੈਸਡਰ ਰਹੀ ਹੈ, ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ, ਪਰ ਉਹ ਅਜੇ ਤੱਕ ਨਿਰਧਾਰਤ ਮਿਤੀ ‘ਤੇ ਪੇਸ਼ ਨਹੀਂ ਹੋਈ।
ਰੈਨਾ ਅਤੇ ਧਵਨ ਤੋਂ ਕੀਤੀ ਗਈ ਪੁੱਛਗਿੱਛ
ਇਸ ਤੋਂ ਪਹਿਲਾਂ, ਈਡੀ ਨੇ ਦਿੱਲੀ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਨਾਲ ਵੀ ਵਿਸਥਾਰ ਨਾਲ ਪੁੱਛਗਿੱਛ ਕੀਤੀ ਸੀ। ਦੋਵੇਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਦਾ 1xBet ਪਲੇਟਫਾਰਮ ਨਾਲ ਕਿੰਨਾ ਲੈਣਾ-ਦੇਣਾ ਸੀ ਅਤੇ ਕੀ ਉਨ੍ਹਾਂ ਨੇ ਇਸ ਦੇ ਕਿਸੇ ਪ੍ਰਚਾਰਕ ਅਭਿਆਨ ਵਿੱਚ ਭਾਗ ਲਿਆ ਸੀ।
ਕਰੋੜਾਂ ਦੀ ਧੋਖਾਧੜੀ ਅਤੇ ਟੈਕਸ ਚੋਰੀ ਦਾ ਇਲਜ਼ਾਮ
ਈਡੀ ਦਾ ਕਹਿਣਾ ਹੈ ਕਿ ਅਜਿਹੇ ਔਨਲਾਈਨ ਬੇਟਿੰਗ ਪਲੇਟਫਾਰਮ ਸਿਰਫ਼ ਗੈਰ-ਕਾਨੂੰਨੀ ਹੀ ਨਹੀਂ, ਸਗੋਂ ਇਨ੍ਹਾਂ ਰਾਹੀਂ ਵੱਡੇ ਪੱਧਰ ‘ਤੇ ਕਾਲੇ ਧਨ ਨੂੰ ਵਾਈਟ ਕਰਨ ਦੀ ਸਾਜ਼ਿਸ਼ ਵੀ ਹੁੰਦੀ ਹੈ। ਲੱਖਾਂ ਲੋਕਾਂ ਨੂੰ ਫਸਾ ਕੇ ਨਾ ਸਿਰਫ਼ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ, ਸਗੋਂ ਸਰਕਾਰ ਦੇ ਵੱਡੇ ਟੈਕਸ ਰੈਵਨਿਊ ਨੂੰ ਵੀ ਚੋਰੀ ਕੀਤਾ ਗਿਆ ਹੈ।
ਇਸ ਕੇਸ ਵਿੱਚ ਵੱਡੇ-ਵੱਡੇ ਨਾਵਾਂ ਦੇ ਸਾਹਮਣੇ ਆਉਣ ਕਾਰਨ ਖੇਡ ਅਤੇ ਫ਼ਿਲਮੀ ਦੁਨੀਆ ਦੋਵੇਂ ਹਿਲ ਗਈਆਂ ਹਨ। ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਜਾਂਚ ਹੋਰ ਤੇਜ਼ ਕੀਤੀ ਜਾਵੇਗੀ ਅਤੇ ਜਿਨ੍ਹਾਂ ਦਾ ਵੀ ਹੱਥ ਇਸ ਨੈੱਟਵਰਕ ਵਿੱਚ ਸਾਹਮਣੇ ਆਵੇਗਾ, ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

