ਗੁਰਦਾਸਪੁਰ, ਪਿੰਡ ਸੈਦੋਵਾਲ ਕਲਾਂ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇਕ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਸਕੂਟੀ ਚਾਲਕ ਨੇ ਸੜਕ ਪਾਰ ਕਰ ਰਹੀ ਔਰਤ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਔਰਤ ਸੜਕ ‘ਤੇ ਗਿਰ ਪਈ ਅਤੇ ਉਸਦੇ ਸਿਰ ‘ਚ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਨਵਦੀਪ ਕੌਰ ਵਜੋਂ ਹੋਈ ਹੈ ਜੋ ਪਿੰਡ ਚੱਕ ਸ਼ਰੀਫ ਦੀ ਰਹਿਣ ਵਾਲੀ ਸੀ। ਮ੍ਰਿਤਕ ਦੇ ਸਹੁਰੇ ਸੇਵਾ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਵੀਰਵਾਰ ਦੀ ਸ਼ਾਮ ਉਸਦੀ ਨੂੰਹ ਨਵਦੀਪ ਕੌਰ ਕੰਮ ਮੁਕਾਉਣ ਤੋਂ ਬਾਅਦ ਗੁਰਦਾਸਪੁਰ ਤੋਂ ਘਰ ਵਾਪਸ ਆ ਰਹੀ ਸੀ। ਸ਼ਾਮ ਲਗਭਗ 6:45 ਵਜੇ ਦੇ ਕਰੀਬ ਜਦੋਂ ਉਹ ਸੈਦੋਵਾਲ ਕਲਾਂ ਦੇ ਨੇੜੇ ਪੈਟਰੋਲ ਪੰਪ ‘ਤੇ ਪਹੁੰਚੀ, ਤਦ ਹੀ ਇੱਕ ਤੇਜ਼ ਰਫ਼ਤਾਰ ਸਕੂਟੀ, ਜੋ ਅਮਨਦੀਪ ਸਿੰਘ ਨਾਮਕ ਨੌਜਵਾਨ ਵੱਲੋਂ ਚਲਾਈ ਜਾ ਰਹੀ ਸੀ, ਨੇ ਉਸਨੂੰ ਟੱਕਰ ਮਾਰ ਦਿੱਤੀ।
ਟੱਕਰ ਮਾਰਣ ਤੋਂ ਬਾਅਦ ਸਕੂਟੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਲੋਕਾਂ ਵੱਲੋਂ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਪੁਰਾਣਾ ਸ਼ਾਲਾ ਥਾਣੇ ਦੇ ਏਐੱਸਆਈ ਦੇਸ ਰਾਜ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਸਕੂਟੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਅਮਨਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਗਿਆ ਹੈ ਕਿ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸਥਾਨਕ ਵਾਸੀਆਂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ‘ਤੇ ਤੇਜ਼ ਰਫ਼ਤਾਰ ਵਾਹਨਾਂ ‘ਤੇ ਰੋਕ ਲਾਈ ਜਾਵੇ ਅਤੇ ਇਲਾਕੇ ‘ਚ ਟ੍ਰੈਫਿਕ ਨਿਯਮਾਂ ਦੀ ਕੜੀ ਪਾਲਣਾ ਕਰਵਾਈ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਤੋਂ ਲੋਕਾਂ ਦੀ ਜਾਨ ਬਚ ਸਕੇ।