ਪਟਿਆਲਾ : ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਅੱਜ ਦੁਪਹਿਰ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿਸਨੇ ਜੇਲ੍ਹ ਪ੍ਰਸ਼ਾਸਨ ਸਮੇਤ ਪੂਰੇ ਖੇਤਰ ਵਿੱਚ ਸਨਸਨੀ ਫੈਲਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ’ਚ ਬੰਦ ਇੱਕ ਹਵਾਲਾਤੀ ਨੇ ਸਾਬਕਾ ਪੁਲਿਸ ਅਧਿਕਾਰੀਆਂ ’ਤੇ ਰਾਡ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਾਬਕਾ ਡੀਐਸਪੀ ਗੁਰਬਚਨ ਸਿੰਘ, ਇੰਸਪੈਕਟਰ ਇੰਦਰਜੀਤ ਸਿੰਘ ਅਤੇ ਇੰਸਪੈਕਟਰ ਸੂਬਾ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਤੁਰੰਤ ਹੀ ਸੁਰੱਖਿਆ ਪ੍ਰਬੰਧਾਂ ਦੇ ਅਧੀਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦੇ ਅਨੁਸਾਰ ਤਿੰਨਾਂ ਦੀ ਹਾਲਤ ਗੰਭੀਰ ਹੈ, ਪਰ ਕਾਬੂ ਵਿੱਚ ਦੱਸੀ ਜਾ ਰਹੀ ਹੈ।
ਹਮਲਾਵਰ ਦੀ ਪਛਾਣ ਸੰਦੀਪ ਸਿੰਘ ਸੰਨੀ ਵਜੋਂ ਹੋਈ ਹੈ, ਜੋ ਸੂਰੀ ਕਤਲਕਾਂਡ ਮਾਮਲੇ ’ਚ ਜੇਲ੍ਹ ਵਿੱਚ ਬੰਦ ਹੈ। ਉਸਨੇ ਅਚਾਨਕ ਹੀ ਰਾਡ ਹੱਥ ਵਿੱਚ ਫੜ ਕੇ ਸਾਬਕਾ ਅਧਿਕਾਰੀਆਂ ਉੱਤੇ ਹਮਲਾ ਕਰ ਦਿੱਤਾ। ਇਹ ਘਟਨਾ ਦੁਪਹਿਰ ਕਰੀਬ 12 ਵਜੇ ਵਾਪਰੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਸਥਿਤੀ ਉੱਤੇ ਕਾਬੂ ਪਾਇਆ ਗਿਆ।
ਸੁਰੱਖਿਆ ਦੇ ਇਨ੍ਹਾਂ ਵੱਡੇ ਲਾਪਰਵਾਹੀ ਭਰੇ ਮਾਮਲੇ ਨੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਸਾਬਕਾ ਪੁਲਿਸ ਅਧਿਕਾਰੀ, ਜੋ ਖੁਦ ਕਾਨੂੰਨ ਲਾਗੂ ਕਰਨ ਵਾਲੇ ਅਹੁਦਿਆਂ ’ਤੇ ਰਹੇ ਹਨ, ਉਹਨਾਂ ਨੂੰ ਜੇਲ੍ਹ ਅੰਦਰ ਇਸ ਤਰ੍ਹਾਂ ਦਾ ਹਮਲਾ ਸਹਿਣਾ ਪਿਆ।
ਫਿਲਹਾਲ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਮਲਾਵਰ ਸੰਦੀਪ ਸਿੰਘ ਸੰਨੀ ਨੂੰ ਕਾਬੂ ਕਰਕੇ ਉਸ ਉੱਤੇ ਵਾਧੂ ਧਾਰਾਵਾਂ ਹੇਠ ਕੇਸ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।