ਹਿਮਾਚਲ ‘ਚ ਮੀਂਹ ਦੀ ਤਬਾਹੀ, ਕਿਤੇ ਹੜ੍ਹ, ਹੁਣ ਤੱਕ 22 ਮੌਤਾਂ ਕਿਤੇ ਜ਼ਮੀਨ ਖਿਸਕੀ, ਕਈ ਲਾਪਤਾ

Date:

ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਕਰਕੇ ਭਾਰੀ ਜ਼ਮੀਨ ਖਿਸਕ ਗਈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਹੜ੍ਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ‘ਚ 22 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਲਾਪਤਾ ਹੋ ਗਏ।

ਇਸ ਦੇ ਨਾਲ ਹੀ 12 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਾਂਗੜਾ, ਚੰਬਾ, ਬਿਲਾਸਪੁਰ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਸਟੇਟ ਆਈਐਮਡੀ ਦੇ ਡਿਪਟੀ ਡਾਇਰੈਕਟਰ ਬੂਈ ਲਾਲ ਨੇ ਕਿਹਾ, ਅਗਲੇ 5 ਦਿਨਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਦੇਖਣ ਨੂੰ ਮਿਲੇਗੀ। ਪੂਰੇ ਸੂਬੇ ਲਈ ਅਗਲੇ 12 ਘੰਟਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, 24 ਅਗਸਤ ਤੱਕ ਬਾਕੀ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਖਰਾਬ ਹੋਣ ਕਰਕੇ 36 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਸੁਦੇਸ਼ ਕੁਮਾਰ ਮੋਖਤਾ ਨੇ ਅੱਗੇ ਦੱਸਿਆ ਕਿ ਮੰਡੀ ਵਿੱਚ ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ਅਤੇ ਸ਼ੌਘੀ ਵਿੱਚ ਸ਼ਿਮਲਾ-ਚੰਡੀਗੜ੍ਹ ਹਾਈਵੇਅ ਸਮੇਤ 743 ਸੜਕਾਂ ਪਾਣੀ ਭਰ ਜਾਣ ਕਾਰਨ ਬੰਦ ਹੋ ਗਈਆਂ ਹਨ।

ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਦੱਸਿਆ ਕਿ ਇਕੱਲੇ ਮੰਡੀ ਜ਼ਿਲ੍ਹੇ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ। ਉਨ੍ਹਾਂ ਦੱਸਿਆ ਕਿ ਗੋਹਰ ਵਿਕਾਸ ਬਲਾਕ ਦੇ ਕਸ਼ਾਨ ਪਿੰਡ ਵਿੱਚ ਐਨਡੀਆਰਐਫ ਅਤੇ ਪੁਲਿਸ ਵੱਲੋਂ ਚਾਰ ਘੰਟੇ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਇੱਕ ਪਰਿਵਾਰ ਦੇ ਅੱਠ ਮੈਂਬਰਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਮਲਬੇ ਵਿੱਚੋਂ ਬਰਾਮਦ ਕੀਤੀਆਂ ਗਈਆਂ। ਇਹ ਮਕਾਨ ਢਿੱਗਾਂ ਡਿੱਗਣ ਨਾਲ ਢਹਿ ਗਿਆ ਸੀ।

ਡਿਪਟੀ ਕਮਿਸ਼ਨਰ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਮੰਡੀ ‘ਚ ਉਨ੍ਹਾਂ ਦੇ ਘਰ ਤੋਂ ਅੱਧਾ ਕਿਲੋਮੀਟਰ ਦੂਰ ਮੰਡੀ-ਕਟੋਲਾ-ਪਰਾਸ਼ਰ ਸੜਕ ‘ਤੇ ਬਾਗੀ ਡਰੇਨ ‘ਚੋਂ ਇਕ ਲੜਕੀ ਦੀ ਲਾਸ਼ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਵੀ ਹੜ੍ਹ ਵਿੱਚ ਰੁੜ੍ਹ ਜਾਣ ਦੀ ਸੂਚਨਾ ਹੈ। ਉਨ੍ਹਾਂ ਕਿਹਾ ਕਿ ਬੱਦਲ ਫਟਣ ਤੋਂ ਬਾਅਦ ਕਈ ਪਰਿਵਾਰਾਂ ਨੇ ਬਾਗੀ ਅਤੇ ਪੁਰਾਣੇ ਕਟੋਲਾ ਖੇਤਰਾਂ ਦੇ ਵਿਚਕਾਰ ਸਥਿਤ ਆਪਣੇ ਘਰ ਛੱਡ ਕੇ ਹੋਰ ਸੁਰੱਖਿਅਤ ਥਾਵਾਂ ‘ਤੇ ਸ਼ਰਨ ਲਈ ਹੈ।

ਮੋਖਤਾ ਨੇ ਦੱਸਿਆ ਕਿ ਸ਼ਿਮਲਾ ਦੇ ਥੀਓਗ ‘ਚ ਵਾਹਨ ‘ਤੇ ਪੱਥਰ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਮੋਖਤਾ ਨੇ ਦੱਸਿਆ ਕਿ ਚੰਬਾ ਦੇ ਚੌਵਾਰੀ ਦੇ ਬਨੇਤ ਪਿੰਡ ‘ਚ ਤੜਕੇ 4.30 ਵਜੇ ਜ਼ਮੀਨ ਖਿਸਕਣ ਕਾਰਨ ਇਕ ਮਕਾਨ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਕਾਂਗੜਾ ਵਿੱਚ ਇੱਕ ‘ਕੱਚਾ’ ਘਰ ਢਹਿ ਗਿਆ, ਇੱਕ ਨੌਂ ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਸ ਦੌਰਾਨ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਚੱਕੀ ਪੁਲ ਦੇ ਡਿੱਗਣ ਤੋਂ ਬਾਅਦ ਪਠਾਨਕੋਟ ਅਤੇ ਜੋਗਿੰਦਰਨਗਰ ਵਿਚਾਲੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਅਧਿਕਾਰੀਆਂ ਨੇ ਪੁਲ ਨੂੰ ਅਸੁਰੱਖਿਅਤ ਐਲਾਨ ਦਿੱਤਾ ਹੈ ਅਤੇ ਪੰਜਾਬ ਦੇ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰਨਗਰ ਤੱਕ ‘ਨੈਰੋ ਗੇਜ ਟ੍ਰੈਕ’ ‘ਤੇ ਰੇਲ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਮੀਰਪੁਰ ‘ਚ ਆਏ ਹੜ੍ਹ ‘ਚ ਫਸੇ 30 ਲੋਕਾਂ ਨੂੰ ਬਚਾ ਲਿਆ ਗਿਆ ਹੈ।

LEAVE A REPLY

Please enter your comment!
Please enter your name here

Share post:

Subscribe

Popular

More like this
Related