ਤਪਾ ਮੰਡੀ: ਸਥਾਨਕ ਇਲਾਕੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਘੇਰ ਦਿੱਤੀ ਹੈ। ਜਿੱਥੇ ਗਲੀਆਂ ਵਿੱਚ ਪਾਣੀ ਇਕੱਠਾ ਹੋਣ ਕਾਰਨ ਆਵਾਜਾਈ ਠੱਪ ਹੋਈ ਪਈ ਹੈ, ਉੱਥੇ ਕਈ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗਣ ਨਾਲ ਉਹ ਬੇਘਰ ਹੋ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ, ਗੁਰਤੇਜ ਸਿੰਘ ਅਤੇ ਹੈਪੀ ਸਿੰਘ ਪੁੱਤਰ ਰਾਮ ਸਿੰਘ, ਜੋ ਕਿ ਬੈਕ ਸਾਈਡ ਰਾਇਲ ਪੈਲੇਸ ਤਪਾ ਵਿੱਚ ਰਹਿੰਦੇ ਹਨ, ਆਪਣੇ ਬੱਚਿਆਂ ਸਮੇਤ ਘਰ ਦੇ ਅੰਦਰ ਰਹਿੰਦੇ ਸਨ। ਸ਼ਾਮ ਦੇ ਸਮੇਂ ਜਦੋਂ ਦੋਵੇਂ ਭਰਾ ਘਰ ਤੋਂ ਬਾਹਰ ਬੈਠੇ ਸਨ, ਤਾਂ ਅਚਾਨਕ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ। ਛੱਤ ਡਿੱਗਣ ਦੀ ਆਵਾਜ਼ ਸੁਣਕੇ ਗੁਆਂਢੀ ਇਕੱਠੇ ਹੋ ਗਏ। ਮਲਬੇ ਹੇਠਾਂ ਪਏ ਐਲਸੀਡੀ, ਫਰਿੱਜ, ਬੈਡ ਸਮੇਤ ਹੋਰ ਘਰੇਲੂ ਸਮਾਨ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ। ਪਰਿਵਾਰ ਅਨੁਸਾਰ, ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਇਸੇ ਤਰ੍ਹਾਂ, ਬਾਜੀਗਰ ਬਸਤੀ ਵਿੱਚ ਰਹਿਣ ਵਾਲੇ ਗੌਰੀ ਸਿੰਘ ਪੁੱਤਰ ਬੇਅੰਤ ਸਿੰਘ ਦੇ ਮਕਾਨ ਦੀ ਛੱਤ ਵੀ ਡਿੱਗ ਗਈ। ਛੱਤ ਡਿੱਗਣ ਕਾਰਨ ਉਨ੍ਹਾਂ ਦੇ ਘਰ ਦਾ ਸਮਾਨ ਵੀ ਮਲਬੇ ਹੇਠਾਂ ਦੱਬ ਗਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂ ਨਾਨਕ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਾ ਸਿਰਫ ਛੱਤਾਂ ਡਿੱਗ ਰਹੀਆਂ ਹਨ, ਬਲਕਿ ਪਿਆਰਾ ਲਾਲ ਬਸਤੀ ਵਿੱਚ ਗਲੀਆਂ ਵਿੱਚ ਪਾਣੀ ਖੜ੍ਹਾ ਹੋਣ ਨਾਲ ਲੋਕਾਂ ਲਈ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਹੈ।
ਇਲਾਵਾ, ਕਾਕਾ ਸਿੰਘ, ਲਵਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਦਿੱਤ ਸਿੰਘ, ਗਿਆਨ ਚੰਦ, ਬੂਟਾ ਸਿੰਘ, ਕਾਲੀ ਸਿੰਘ ਅਤੇ ਅਮਰਜੀਤ ਕੌਰ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਦਾਖਲ ਹੋਣ ਕਾਰਨ ਕੰਧਾਂ ਵਿੱਚ ਦਰਾਰਾਂ ਪੈ ਗਈਆਂ ਹਨ।
ਸਥਾਨਕ ਵਾਸੀਆਂ ਅਤੇ ਮੁਕਤੀ ਮੋਰਚਾ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਘਰ ਹੋਏ ਪਰਿਵਾਰਾਂ ਨੂੰ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਮੁੜ ਵਸੇਵਾ ਲਈ ਤੁਰੰਤ ਕਾਰਵਾਈ ਕੀਤੀ ਜਾਵੇ।