ਫਿਰੋਜ਼ਪੁਰ : ਪੰਜਾਬ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫਿਰੋਜ਼ਪੁਰ ਮੰਡਲ ਦੇ ਡੀ.ਆਰ.ਐੱਮ. ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਲੁਜ ਦਰਿਆ ਦੇ ਉਫਾਨ ਕਾਰਨ ਫਿਰੋਜ਼ਪੁਰ-ਜਲੰਧਰ ਰੇਲ ਟਰੈਕ ਦੇ ਗਿੱਦੜਪਿੰਡੀ ਨੇੜੇ ਸਥਿਤ ਪੁਲ ’ਤੇ ਖ਼ਤਰਾ ਬਰਕਰਾਰ ਹੈ। ਇਸ ਕਰਕੇ ਰੇਲਵੇ ਵਿਭਾਗ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਪੁਲ ’ਤੇ ਕੋਈ ਜੋਖ਼ਮ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਕਪੂਰਥਲਾ ਨੇੜੇ ਪਾਣੀ ਦਾ ਪੱਧਰ ਘੱਟਣ ਕਰਕੇ ਜਲੰਧਰ-ਲੋਹੀਆਂ ਖ਼ਾਸ ਸੈਕਸ਼ਨ ’ਚ ਰੇਲ ਆਵਾਜਾਈ ਦੁਬਾਰਾ ਸ਼ੁਰੂ ਕੀਤੀ ਗਈ ਹੈ।
ਪਿਛਲੇ ਤਿੰਨ ਦਿਨਾਂ ਤੋਂ ਰੱਦ ਚੱਲ ਰਹੀ ਜਲੰਧਰ-ਹੁਸ਼ਿਆਰਪੁਰ ਪੈਸੇਂਜਰ ਟ੍ਰੇਨ ਨੂੰ ਵੀ ਮੁੜ ਚਾਲੂ ਕਰ ਦਿੱਤਾ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਪਰੰਤੂ ਹਾਲਾਤ ਪੂਰੇ ਤੌਰ ’ਤੇ ਕਾਬੂ ਵਿੱਚ ਨਾ ਹੋਣ ਕਾਰਨ ਕਈ ਟ੍ਰੇਨਾਂ ਨੂੰ ਅਧੂਰਾ ਚਲਾਉਣਾ ਪੈ ਰਿਹਾ ਹੈ ਜਾਂ ਫਿਰ ਪੂਰੀ ਤਰ੍ਹਾਂ ਰੱਦ ਕਰਨਾ ਪੈ ਰਿਹਾ ਹੈ।
ਸ਼ੁੱਕਰਵਾਰ ਨੂੰ ਫਿਰੋਜ਼ਪੁਰ-ਜਲੰਧਰ ਟਰੈਕ ’ਤੇ ਇੱਕ ਅਪ-ਡਾਊਨ ਟ੍ਰੇਨ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਜਲੰਧਰ-ਫਿਰੋਜ਼ਪੁਰ ਰੂਟ ’ਤੇ ਚੱਲਣ ਵਾਲੀਆਂ 3 ਪੈਸੇਂਜਰ ਟ੍ਰੇਨਾਂ ਨੂੰ ਲੋਹੀਆਂ ਖ਼ਾਸ ਤੋਂ ਅੱਗੇ ਰੱਦ ਕਰਦੇ ਹੋਏ ਵਾਪਸ ਜਲੰਧਰ ਭੇਜਿਆ ਗਿਆ। ਇਸੇ ਤਰ੍ਹਾਂ, ਫਿਰੋਜ਼ਪੁਰ-ਜਲੰਧਰ ਵਿਚਾਲੇ ਚੱਲਣ ਵਾਲੀਆਂ 2 ਟ੍ਰੇਨਾਂ ਨੂੰ ਮੱਖੂ ਤੋਂ ਅੱਗੇ ਰੱਦ ਕਰਦੇ ਹੋਏ ਵਾਪਸ ਫਿਰੋਜ਼ਪੁਰ ਭੇਜਿਆ ਗਿਆ।
ਫਿਰੋਜ਼ਪੁਰ-ਧਨਬਾਦ ਐਕਸਪ੍ਰੈੱਸ ਨੂੰ ਵੀ ਬਦਲਿਆ ਗਿਆ ਹੈ। ਆਮ ਤੌਰ ’ਤੇ ਇਹ ਟ੍ਰੇਨ ਲੁਧਿਆਣਾ ਤੋਂ ਲੋਹੀਆਂ ਖ਼ਾਸ ਰਾਹੀਂ ਚਲਦੀ ਹੈ, ਪਰ ਹੜ੍ਹਾਂ ਕਾਰਨ ਇਸਨੂੰ ਸਿੱਧਾ ਮੋਗਾ ਰਾਹੀਂ ਫਿਰੋਜ਼ਪੁਰ ਭੇਜਿਆ ਗਿਆ।
ਇਸੇ ਦੌਰਾਨ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਸੈਕਸ਼ਨ ’ਚ ਹਾਲਾਤ ਹਜੇ ਵੀ ਗੰਭੀਰ ਹਨ। ਇਸ ਕਰਕੇ ਇਸ ਰੂਟ ’ਤੇ ਚੱਲਣ ਵਾਲੀਆਂ 4 ਪੈਸੇਂਜਰ ਟ੍ਰੇਨਾਂ ਨੂੰ ਵੀ ਸ਼ੁੱਕਰਵਾਰ ਨੂੰ ਹਰਦੋਵਾਲ ਸਟੇਸ਼ਨ ਤੋਂ ਅੱਗੇ ਰੱਦ ਕਰਦੇ ਹੋਏ ਵਾਪਸ ਮੋੜ ਦਿੱਤਾ ਗਿਆ।
ਸਰਕਾਰੀ ਅੰਕੜਿਆਂ ਅਨੁਸਾਰ, ਹੁਣ ਤੱਕ ਲਗਭਗ 24 ਰੇਲਗੱਡੀਆਂ ਹੜ੍ਹਾਂ ਕਾਰਨ ਪ੍ਰਭਾਵਿਤ ਹੋ ਚੁੱਕੀਆਂ ਹਨ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਪਹਿਲੀ ਤਰਜੀਹ ਹੈ ਅਤੇ ਹਾਲਾਤ ਸਧਰਦੇ ਹੀ ਪ੍ਰਭਾਵਿਤ ਰੂਟਾਂ ’ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬਹਾਲ ਕੀਤੀ ਜਾਵੇਗੀ।