Site icon Punjab Mirror

Amazon ਟਾਇਲਟ ਜਾਣ ‘ਤੇ ਵੀ ਪੁੱਛੇ ਜਾਂਦੇ ਹਨ ਸਵਾਲ’ ਮੁਲਾਜ਼ਮਾਂ ਦਾ ਦਾਅਵਾ- ‘ਹੁੰਦਾ ਹੈ ਰੋਬੋਟ ਤੋਂ ਵੀ ਬੁਰਾ ਸਲੂਕ

ਆਨਲਾਈਨ ਰਿਟੇਲ ਕੰਪਨੀ ਐਮਾਜ਼ੌਨ ਦੇ ਮੁਲਾਜ਼ਮ ਤਨਖਾਹ ਨੂੰ ਲੈ ਕੇ ਬ੍ਰਿਟੇਨ ‘ਚ ਹੜਤਾਲ ‘ਤੇ ਚਲੇ ਗਏ ਹਨ। ਇਸ ਦੌਰਾਨ ਕੁਝ ਮੁਲਾਜ਼ਮਾਂ ਨੇ ਗੰਭੀਰ ਹਾਲਾਤਾਂ ਵਿਚ ਕੰਮ ਕਰਨ ਦੇ ਆਪਣੇ ਦਰਦ ਨੂੰ ਸਾਂਝਾ ਕੀਤਾ ਹੈ ਜਿਸ ਵਿਚ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਟਾਇਲਟ ਬਰੇਕ ਦਾ ਸਮਾਂ ਵੀ ਤੈਅ ਕੀਤਾ ਗਿਆ ਹੈ। ਇੰਗਲੈਂਡ ਵਿਚ ਕੰਪਨੀ ਦੇ ਕੋਵੈਂਟਰੀ ਵੇਅਰਹਾਊਸ ਦੇ ਕਰਮਚਾਰੀਆਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿਚ ਇਹ ਗੱਲ ਕਹੀ ਗਈ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਰੋਬੋਟ ਨਾਲ ਵੀ ਸਾਡੇ ਤੋਂ ਬੇਹਤਰ ਸਲੂਕ ਕੀਤਾ ਜਾਂਦਾ ਹੈ।

ਇਕ ਮੁਲਾਜ਼ਮ ਹਿਲਟਨ ਨੇ ਕਿਹਾ ਕਿ ਹੜਤਾਲ ‘ਤੇ ਹੋਣ ਦਾ ਕਾਰਨ ਇਹ ਹੈ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਉਹ ਆਖਿਰ ਅਜਿਹਾ ਕਿਉਂ ਹੈ। ਸ਼ੂਗਰ ਰੋਗੀ ਹੋਣ ਕਾਰਨ, ਉਸਨੇ ਕਿਹਾ ਕਿ ਗੋਦਾਮ ਦੀ ਇਮਾਰਤ ਦੇ ਨੇੜੇ ਪਖਾਨੇ ਲੱਭਣਾ ਆਸਾਨ ਨਹੀਂ ਹੈ ਅਤੇ ਇਸ ਪ੍ਰਕਿਰਿਆ ਵਿੱਚ ਲਗਭਗ 15 ਮਿੰਟ ਲੱਗ ਸਕਦੇ ਹਨ। ਪਰ ਇੰਨੇ ਸਮੇਂ ਵਿਚ ਮੈਨੇਜਰ ਨਾਰਾਜ਼ ਹੋ ਕੇ ਸਵਾਲ ਕਰਨ ਲੱਗਦੇ ਹਨ ਕਿ ਤੁਸੀਂ ਕੀ ਕਰ ਰਹੇ ਸੀ। ਜੇਕਰ ਕੁਝ ਮਿੰਟ ਦੀ ਦੇਰੀ ਹੋ ਜਾਵੇ ਤਾਂ ਸੁਪਰਵਾਈਜ਼ਰ ਸਵਾਲ ਪੁੱਛਦਾ ਹੈ।

ਦੂਜੇ ਪਾਸੇ ਅਮੇਜਨ ਨੇ ਸਫਾਈ ਦਿੰਦਿਆਂ ਕਿਹਾ ਕਿ ਕਾਰਗੁਜ਼ਾਰੀ ਉਦੋਂ ਹੀ ਮਾਪੀ ਜਾਂਦੀ ਹੈ ਜਦੋਂ ਕੋਈ ਕਰਮਚਾਰੀ ਆਪਣੇ ਸਟੇਸ਼ਨ ‘ਤੇ ਹੁੰਦਾ ਹੈ ਅਤੇ ਆਪਣਾ ਕੰਮ ਕਰਨ ਲਈ ਲੌਗਇਨ ਹੁੰਦਾ ਹੈ। ਜੇਕਰ ਕੋਈ ਕਰਮਚਾਰੀ ਲੌਗ ਆਊਟ ਕਰਦਾ ਹੈ, ਜੋ ਉਹ ਕਿਸੇ ਵੀ ਸਮੇਂ ਕਰ ਸਕਦਾ ਹੈ ਤਾਂ ਪ੍ਰਦਰਸ਼ਨ ਪ੍ਰਬੰਧਨ ਟੂਲ ਨੂੰ ਹੋਲਡ ‘ਤੇ ਰੱਖਿਆ ਜਾਂਦਾ ਹੈ।

ਇਹ ਦਾਅਵਾ ਅਜਿਹੇ ਸਮੇਂ ਆਇਆ ਹੈ ਜਦੋਂ ਬੁੱਧਵਾਰ ਨੂੰ ਕੁੱਲ 1500 ਮੁਲਾਜ਼ਮਾਂ ਵਿਚੋਂ 300 ਮੁਲਾਜ਼ਮ ‘ਅਪਮਾਨਜਨਕ’ ਤਨਖਾਹ ਦਾ ਵਿਰੋਧ ਕਰਕੇ ਹੋਏ ਬ੍ਰਿਟੇਨ ਦੇ ਕੋਵੈਂਟਰੀ ਗੋਦਾਮ ਤੋਂ ਬਾਹਰ ਚਲੇ ਗਏ। ਸੰਸਥਾਪਕ ਜੇਫ ਬੇਜੋਸ ਦੀ ਅਰਬਾਂ ਦੀ ਜਾਇਦਾਦ ਵੱਲ ਇਸ਼ਾਰਾ ਕਰਦੇ ਹੋਏ ਵੇਸਟਵੁਡ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਕਿਸ਼ਤੀ ਜਾਂ ਉਨ੍ਹਾਂ ਦਾ ਰਾਕੇਟ ਨਹੀਂ ਚਾਹੁੰਦੇ, ਅਸੀਂ ਸਿਰਫ ਰੋਜ਼ੀ-ਰੋਟੀ ਕਮਾਉਣ ਦੇ ਯੋਗ ਹੋਣਾ ਚਾਹੁੰਦੇ ਹਾਂ। ਮਜ਼ਦੂਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿੱਚੋਂ ਕੁਝ ਨੂੰ ਹਫ਼ਤੇ ਵਿੱਚ 60 ਘੰਟੇ ਤੱਕ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਬ੍ਰਿਟੇਨ ਇਨ੍ਹੀਂ ਦਿਨੀਂ 41 ਸਾਲਾਂ ‘ਚ ਸਭ ਤੋਂ ਵੱਧ ਮਹਿੰਗਾਈ ‘ਚੋਂ ਲੰਘ ਰਿਹਾ ਹੈ।

Exit mobile version