ਸੂਚਨਾ ਮੁਤਾਬਿਕ ਪਤਾ ਚਲਿਆ ਹੈ ਕਿ ਪੰਜਾਬ ਸਰਕਾਰ 10–11 ਜੁਲਾਈ 2025 ਨੂੰ ਇੱਕ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾ ਸਕਦੀ ਹੈ। ਸਰਕਾਰੀ ਸਰੋਤਾਂ ਮੁਤਾਬਕ, ਇਸ ਸੈਸ਼ਨ ਲਈ 7 ਜੁਲਾਈ 2025, ਸੋਮਵਾਰ ਨੂੰ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਡਰੱਗਜ਼ ਤਸਕਰੀ ਨੂੰ ਲੈ ਕੇ ਸਖ਼ਤ ਫ਼ੈਸਲੇ ਲਏ ਜਾਣਗੇ ।ਨਾਲ ਹੀ, ਸਤਲੁਜ-ਯਮੁਨਾ ਲਿੰਕ (SYL) ਨਹਿਰ ‘ਤੇ ਰਣਨੀਤੀ ਤੈਅ ਕਰਨ ਦੇ ਮਾਮਲੇ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ।
ਪਤਾ ਚਲਿਆ ਹੈ ਕਿ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਸਵੇਰੇ 10.30 ਵਜੇ ਸ਼ੁਰੂ ਹੋਵੇਗੀ ਅਤੇ ਮੁੱਖ ਮੰਤਰੀ ਦੇ ਨਿਵਾਸ ‘ਤੇ ਹੀ ਆਯੋਜਿਤ ਕੀਤੀ ਗਈ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਨਸ਼ਿਆਂ ਦਾ ਮਸਲਾ ਸਭ ਤੋਂ ਵੱਡਾ ਮੁੱਦਾ ਰਹੇਗਾ। ਇਸਦੇ ਇਲਾਵਾ SYL ਮਾਮਲੇ ‘ਤੇ ਵੀ ਚਰਚਾ ਹੋਵੇਗੀ, ਕਿਉਂਕਿ 9 ਜੁਲਾਈ ਨੂੰ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਇਸ ਮਾਮਲੇ ‘ਤੇ ਗੱਲਬਾਤ ਲਈ ਬੁਲਾਇਆ ਗਿਆ ਹੈ।
ਡਰੱਗ ਮਾਫੀਆ ‘ਤੇ ਸਖਤੀ
ਪੰਜਾਬ ਵਿੱਚ ‘ਡਰੱਗ ਫ੍ਰੀ ਪੰਜਾਬ’ ਮੁਹਿੰਮ ਨੂੰ ਲਗਾਉਣ ਦੇ ਅਗਲੇ ਪੜਾਅ ਤਹਿਤ ਡੀ-ਐਡੀਕਸ਼ਨ ਕਲੀਨਿਕ ਖੋਲ੍ਹਣ, ਨਸ਼ਾ ਮੁਕਤੀ ਕੇਂਦਰਾਂ ‘ਤੇ ਹੋਰ ਧਿਆਨ ਕੇਂਦਰਿਤ ਕਰਨ ਅਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਕਾਨੂੰਨ ਵਿੱਚ ਸਖਤ ਨਿਯਮ ਲਿਆਂਦੇ ਜਾ ਸਕਦੇ ਹਨ। ਇਸ ਸਮੇਂ ਸਰਕਾਰ ਜ਼ਮੀਨੀ ਪੱਧਰ ‘ਤੇ ਨਸ਼ੇ ਨੂੰ ਰੋਕਣ ਲਈ ਗੰਭੀਰ ਤਰੀਕੇ ਨਾਲ ਕੰਮ ਕਰ ਰਹੀ ਹੈ।
SYL ਨਹਿਰ ‘ਤੇ ਮੀਟਿੰਗਾਂ ਦਾ ਦੌਰ ਜਾਰੀ
SYL ਵਿਵਾਦ 1982 ਤੋਂ ਲੈ ਕੇ ਹੁਣ ਤੱਕ ਲਟਕਿਆ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਇਸ ਮਸਲੇ ਨੂੰ ਸੁਲਝਾਉਣ ਲਈ 9 ਜੁਲਾਈ 2025 ਨੂੰ ਇਕ ਮੀਟਿੰਗ ਰੱਖੀ ਗਈ ਹੈ। ਇਸ ਕਾਰਨ, ਪੰਜਾਬ ਸਰਕਾਰ ਕੇਂਦਰ ਵੱਲ ਵੇਖਦੇ ਹੋਏ ਇਸ ਮਾਮਲੇ ‘ਤੇ ਵੀ ਕੋਈ ਫੈਸਲਾ ਲੈ ਸਕਦੀ ਹੈ।