ਜਲਾਲਾਬਾਦ — ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਦਾ ਅਸਰ ਹੁਣ ਮੈਦਾਨੀ ਪੰਜਾਬ ਵਿੱਚ ਵੀ ਪੈ ਰਿਹਾ ਹੈ। ਸਤਲੁਜ ਦਰਿਆ ਵਿੱਚੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਜਲਾਲਾਬਾਦ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਸਭ ਤੋਂ ਵੱਧ ਪ੍ਰਭਾਵਿਤ ਪਿੰਡ ਆਤੂਵਾਲਾ ਹੈ, ਜੋ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਣ ਕਰਕੇ ਜਲਾਲਾਬਾਦ ਨਾਲ ਸੜਕੀ ਸੰਪਰਕ ਤੋਂ ਕੱਟ ਗਿਆ ਹੈ। ਹੁਣ ਇੱਥੇ ਦੇ ਲੋਕਾਂ ਅਤੇ ਬੱਚਿਆਂ ਨੂੰ ਆਉਣ-ਜਾਣ ਲਈ ਕਿਸ਼ਤੀ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਪਿੰਡ ਵਾਸੀ ਜਗਦੀਸ਼ ਸਿੰਘ ਸਮੇਤ ਹੋਰ ਲੋਕਾਂ ਨੇ ਦੱਸਿਆ ਕਿ ਇਹ ਹਾਲਾਤ ਨਵੇਂ ਨਹੀਂ ਹਨ। ਪਹਿਲਾਂ ਵੀ ਹੜ੍ਹ ਆਉਣ ‘ਤੇ ਪਿੰਡ ਦਾ ਸੜਕੀ ਸੰਪਰਕ ਟੁੱਟ ਜਾਂਦਾ ਸੀ। ਇਸ ਵਾਰ ਵੀ ਸਤਲੁਜ ਵਿੱਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਅਤੇ ਪਿੰਡ ਫਿਰੋਂ ਟਾਪੂ ਵਾਂਗ ਘਿਰ ਗਿਆ ਹੈ। ਫਸਲਾਂ ਪਾਣੀ ਹੇਠ ਆ ਗਈਆਂ ਹਨ ਅਤੇ ਬੱਚਿਆਂ ਲਈ ਸਕੂਲ ਜਾਣਾ ਮੁਸ਼ਕਲ ਹੋ ਗਿਆ ਹੈ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇੱਥੇ ਫਲਾਈਓਵਰ ਜਾਂ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਹਰ ਸਾਲ ਆਉਣ ਵਾਲੀ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।