ਗੁਰਦਾਸਪੁਰ : ਪੰਜਾਬ ਦੀ ਮਿੱਟੀ ਹਰ ਵੇਲੇ ਉਹਨਾਂ ਸਿਪਾਹੀਆਂ ਅਤੇ ਨੌਜਵਾਨਾਂ ਨਾਲ ਮਾਣਦੀ ਆਈ ਹੈ ਜਿਨ੍ਹਾਂ ਨੇ ਆਪਣੀ ਕਾਬਲਿਯਤ ਅਤੇ ਹੌਂਸਲੇ ਨਾਲ ਨਾ ਸਿਰਫ਼ ਆਪਣੇ ਪਰਿਵਾਰ ਬਲਕਿ ਦੇਸ਼ ਅਤੇ ਵਿਦੇਸ਼ ਵਿੱਚ ਪੰਜਾਬ ਦਾ ਨਾਂ ਚਮਕਾਇਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਗੋਤ ਪੋਕਰ ਪਿੰਡ ਦੀ ਬੇਟੀ ਸੋਨਮਪ੍ਰੀਤ ਕੌਰ ਵੀ ਅਜਿਹੇ ਹੀ ਚਮਕਦੇ ਸਿਤਾਰਿਆਂ ਵਿੱਚੋਂ ਇੱਕ ਬਣ ਕੇ ਉਭਰੀ ਹੈ। ਸਧਾਰਣ ਪਿੰਡ ਦੀ ਰਹਿਣ ਵਾਲੀ ਸੋਨਮਪ੍ਰੀਤ ਨੇ ਸਾਬਤ ਕਰ ਦਿੱਤਾ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜਿਲ ਅਸੰਭਵ ਨਹੀਂ।
ਸੋਨਮਪ੍ਰੀਤ ਕੌਰ 2018 ਵਿੱਚ ਆਪਣੀ ਉੱਚ ਪੜ੍ਹਾਈ ਲਈ ਕੈਨੇਡਾ ਗਈ ਸੀ। ਵਿਦੇਸ਼ ਦੀ ਅਜਾਣ ਧਰਤੀ ‘ਤੇ ਨਵੇਂ ਸਿਰੇ ਨਾਲ ਜੀਵਨ ਸ਼ੁਰੂ ਕਰਨਾ ਆਸਾਨ ਨਹੀਂ ਸੀ, ਪਰ ਉਸਨੇ ਹਾਰ ਨਹੀਂ ਮੰਨੀ। ਸੱਤ ਸਾਲਾਂ ਤੱਕ ਦਿਨ-ਰਾਤ ਮਿਹਨਤ, ਨਿਸ਼ਠਾ ਅਤੇ ਅਟੱਲ ਹੌਸਲੇ ਨਾਲ ਸੋਨਮ ਨੇ ਆਪਣਾ ਸੁਪਨਾ ਪੂਰਾ ਕਰਦਿਆਂ ਕੈਨੇਡੀਅਨ ਪੁਲਿਸ ਫੋਰਸ ਵਿੱਚ ਸਫਲਤਾਪੂਰਵਕ ਸ਼ਾਮਲ ਹੋਣ ਦਾ ਵੱਡਾ ਮੌਕਾ ਹਾਸਲ ਕੀਤਾ। ਇਹ ਪ੍ਰਾਪਤੀ ਨਾ ਸਿਰਫ਼ ਉਸਦੀ ਨਿੱਜੀ ਜਿੱਤ ਹੈ ਬਲਕਿ ਪੰਜਾਬੀਆਂ ਲਈ ਵੀ ਮਾਣ ਦਾ ਪਲ ਹੈ।
ਸੋਨਮ ਦੇ ਪਰਿਵਾਰ ਦੀ ਕਹਾਣੀ ਵੀ ਹਿੰਮਤ ਅਤੇ ਬਲੀਦਾਨ ਦੀ ਪ੍ਰਤੀਕ ਹੈ। ਉਸਦੀ ਮਾਂ ਵੀ ਪੁਲਿਸ ਵਿਭਾਗ ਵਿੱਚ ਸੇਵਾ ਨਿਭਾ ਰਹੀ ਹੈ, ਜਦਕਿ ਪਿਤਾ ਨਰਿੰਦਰ ਸਿੰਘ ਪੰਜਾਬ ਪੁਲਿਸ ਦੇ ਬਹਾਦਰ ਜਵਾਨ ਸਨ। 25 ਅਪ੍ਰੈਲ 2010 ਨੂੰ ਨਰੋਟ ਜੈਮਲ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਦੌਰਾਨ ਉਹ ਸ਼ਹੀਦ ਹੋ ਗਏ ਸਨ। ਪਿਤਾ ਦੀ ਸ਼ਹਾਦਤ ਨੇ ਸੋਨਮ ਨੂੰ ਛੋਟੀ ਉਮਰ ਤੋਂ ਹੀ ਸੁਰੱਖਿਆ ਬਲਾਂ ਪ੍ਰਤੀ ਪ੍ਰੇਰਿਤ ਕੀਤਾ। ਉਸਨੇ ਆਪਣੇ ਪਿਤਾ ਦੇ ਸੁਪਨਿਆਂ ਨੂੰ ਆਪਣਾ ਮਿਸ਼ਨ ਬਣਾਇਆ ਅਤੇ ਉਹ ਰਾਹ ਚੁਣਿਆ ਜਿਸ ਵਿੱਚ ਅਨੁਸ਼ਾਸਨ, ਹਿੰਮਤ ਅਤੇ ਸੇਵਾ ਦੀ ਲੋੜ ਸੀ।
ਸੋਨਮਪ੍ਰੀਤ ਕੌਰ ਦਾ ਕਹਿਣਾ ਹੈ ਕਿ ਹਰ ਮਾਪੇ ਨੂੰ ਆਪਣੀਆਂ ਧੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਸਦਾ ਮੰਨਣਾ ਹੈ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਮਹਾਨ ਪ੍ਰਾਪਤੀਆਂ ਕਰ ਸਕਦੀਆਂ ਹਨ ਜੇਕਰ ਉਨ੍ਹਾਂ ਨੂੰ ਹੌਸਲਾ ਅਤੇ ਮੌਕਾ ਮਿਲੇ। ਉਸਦੀ ਇਹ ਕਾਮਯਾਬੀ ਨਾ ਸਿਰਫ਼ ਪੰਜਾਬ ਦੀਆਂ ਨੌਜਵਾਨ ਕੁੜੀਆਂ ਲਈ ਪ੍ਰੇਰਣਾ ਹੈ ਬਲਕਿ ਉਹਨਾਂ ਮਾਪਿਆਂ ਲਈ ਵੀ ਸਨੇਹਾ ਹੈ ਜੋ ਧੀਆਂ ਨੂੰ ਮਜ਼ਬੂਤ ਬਣਾ ਕੇ ਸਮਾਜ ਵਿੱਚ ਬਦਲਾਅ ਲਿਆ ਸਕਦੇ ਹਨ।
ਸੋਨਮ ਦੀ ਕਹਾਣੀ ਸਾਬਤ ਕਰਦੀ ਹੈ ਕਿ ਇਰਾਦੇ ਅਟੱਲ ਹੋਣ ਤਾਂ ਮੁਸ਼ਕਲਾਂ ਚਾਹੇ ਕਿੰਨੀਆਂ ਵੀ ਵੱਡੀਆਂ ਕਿਉਂ ਨਾ ਹੋਣ, ਕਾਮਯਾਬੀ ਦੇ ਰਸਤੇ ਖੁਦ ਬਣ ਜਾਂਦੇ ਹਨ। ਗੋਤ ਪੋਕਰ ਦੀ ਇਹ ਬੇਟੀ ਅੱਜ ਕੈਨੇਡਾ ਦੇ ਪੁਲਿਸ ਯੂਨੀਫਾਰਮ ਵਿੱਚ ਖੜ੍ਹੀ ਆਪਣੇ ਪਿਤਾ ਦੀ ਸ਼ਹਾਦਤ ਨੂੰ ਸਲਾਮ ਕਰ ਰਹੀ ਹੈ ਅਤੇ ਪੰਜਾਬ ਦਾ ਮਾਣ ਵਧਾ ਰਹੀ ਹੈ।