ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਮੰਗਲਵਾਰ ਦੁਪਹਿਰ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਦੋਂ ਕੰਪਿਊਟਰ ਸਾਇੰਸ ਵਿਭਾਗ ਦੇ ਕਲਾਸਰੂਮ ਵਿੱਚ ਇੱਕ ਵਿਦਿਆਰਥੀ ਨੇ ਆਪਣੇ ਸਹਾਇਕ ਪ੍ਰੋਫੈਸਰ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਪ੍ਰੋਫੈਸਰ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਉਨ੍ਹਾਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ, ਕੰਪਿਊਟਰ ਸਾਇੰਸ ਵਿਭਾਗ ਵਿੱਚ ਪੰਜਵੇਂ ਸਮੈਸਟਰ ਦੀ ਪ੍ਰੀਖਿਆ ਚੱਲ ਰਹੀ ਸੀ ਜਿਸ ਦੀ ਡਿਊਟੀ ਡਾ. ਲਾਲ ਚੰਦ ਦੀ ਸੀ। ਇਸ ਦੌਰਾਨ ਵਿਦਿਆਰਥੀ ਚਰਨਪ੍ਰੀਤ ਸਿੰਘ ਕਲਾਸ ਵਿੱਚ ਕਾਫ਼ੀ ਦੇਰ ਨਾਲ ਪਹੁੰਚਿਆ। ਜਦੋਂ ਪ੍ਰੋਫੈਸਰ ਨੇ ਦੇਰ ਨਾਲ ਆਉਣ ਬਾਰੇ ਪੁੱਛਿਆ ਅਤੇ ਨਿਯਮਾਂ ਮੁਤਾਬਕ ਉਸਨੂੰ ਪੇਪਰ ਦੇਣ ਤੋਂ ਰੋਕ ਦਿੱਤਾ, ਤਾਂ ਵਿਦਿਆਰਥੀ ਗੁੱਸੇ ਨਾਲ ਕਲਾਸ ਤੋਂ ਨਿਕਲ ਗਿਆ।
ਪੇਪਰ ਖਤਮ ਹੋਣ ਤੋਂ ਬਾਅਦ, ਵਿਦਿਆਰਥੀ ਮੁੜ ਕਲਾਸ ਵਿੱਚ ਵਾਪਸ ਆਇਆ ਅਤੇ ਅਚਾਨਕ ਡਾ. ਲਾਲ ਚੰਦ ‘ਤੇ ਹਮਲਾ ਕਰ ਦਿੱਤਾ। ਗਵਾਹਾਂ ਦੇ ਅਨੁਸਾਰ, ਉਸਨੇ ਮੇਜ਼ ਨਾਲ ਪ੍ਰੋਫੈਸਰ ਦੇ ਸਿਰ ’ਤੇ ਵਾਰ ਕੀਤਾ, ਜਿਸ ਨਾਲ ਉਨ੍ਹਾਂ ਦਾ ਸਿਰ ਫਟ ਗਿਆ। ਹਮਲੇ ਤੋਂ ਬਾਅਦ ਵਿਦਿਆਰਥੀ ਮੌਕੇ ਤੋਂ ਭੱਜ ਗਿਆ।
ਅਰਬਨ ਐਸਟੇਟ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਪੁਸ਼ਟੀ ਕੀਤੀ ਕਿ ਸਹਾਇਕ ਪ੍ਰੋਫੈਸਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਹਿੰਸਕ ਘਟਨਾ ਸਿੱਖਿਆ ਦੇ ਮਾਹੌਲ ਨੂੰ ਖ਼ਰਾਬ ਕਰਦੀ ਹੈ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਯੂਨੀਵਰਸਿਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਜ਼ਖਮੀ ਪ੍ਰੋਫੈਸਰ ਦਾ ਇਲਾਜ ਜਾਰੀ ਹੈ ਅਤੇ ਵਿਦਿਆਰਥੀ ਵਿਰੁੱਧ “ਢੁਕਵੀਂ ਅਤੇ ਸਖ਼ਤ ਕਾਰਵਾਈ” ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ।
ਪੁਲਿਸ ਟੀਮ ਵੱਲੋਂ ਵਿਦਿਆਰਥੀ ਦੀ ਭਾਲ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਇਸ ਘਟਨਾ ਕਾਰਨ ਚਰਚਾ ਦਾ ਮਾਹੌਲ ਬਣ ਗਿਆ ਹੈ।

