ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਇਸ ਸਮੇਂ ਕਾਨੂੰਨੀ ਮੁਸ਼ਕਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ, ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ‘ਤੇ ਅਦਾਲਤ ਨੇ ਗਾਇਕ ਨੂੰ 2 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਇਹ ਸਾਰਾ ਮਾਮਲਾ ਗੁਰੂ ਰੰਧਾਵਾ ਦੇ ਹਾਲ ਹੀ ਰਿਲੀਜ਼ ਹੋਏ ਗੀਤ “ਸਿਰਾ” ਨਾਲ ਜੁੜਿਆ ਹੋਇਆ ਹੈ। ਇਸ ਗੀਤ ਦੀ ਇੱਕ ਲਾਈਨ ‘ਤੇ ਇਤਰਾਜ਼ ਜਤਾਇਆ ਗਿਆ ਹੈ, ਜਿਸ ਵਿੱਚ ਸ਼ਬਦ ਹਨ – “ਜੰਮਿਆਂ ਨੂੰ ਗੁੜ੍ਹਤੀ ‘ਚ ਮਿਲਦੀ ਅਫੀਮ ਐ”। ਸ਼ਿਕਾਇਤਕਰਤਾ ਰਾਜਦੀਪ ਸਿੰਘ ਮਾਨ, ਵਾਸੀ ਪਿੰਡ ਬਰਮਾ, ਦਾ ਕਹਿਣਾ ਹੈ ਕਿ ਇਹ ਲਾਈਨ ਲੋਕਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।
ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਲਾਈਨ ਨੂੰ ਲੈ ਕੇ ਪਹਿਲਾਂ ਗਾਇਕ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ। ਉਸ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ “ਗੁੜ੍ਹਤੀ” ਸ਼ਬਦ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਲਈ ਇਸ ਨੂੰ ਅਫੀਮ ਵਰਗੇ ਨਸ਼ੇ ਨਾਲ ਜੋੜਨਾ ਗਲਤ ਅਤੇ ਨਿੰਦਣਯੋਗ ਹੈ।
ਸ਼ਿਕਾਇਤਕਰਤਾ ਪਾਸੇ ਦਾ ਕਹਿਣਾ ਹੈ ਕਿ ਗਾਣੇ ਦੀ ਇਸ ਲਾਈਨ ਰਾਹੀਂ ਨਾਂ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਬਲਕਿ ਇਸ ਨਾਲ ਨਸ਼ਿਆਂ ਨੂੰ ਵਧਾਵਾ ਦੇਣ ਦਾ ਸੰਦੇਸ਼ ਵੀ ਜਾ ਰਿਹਾ ਹੈ। ਹੁਣ ਅਦਾਲਤ ਵੱਲੋਂ ਜਾਰੀ ਸੰਮਨ ਦੇ ਬਾਅਦ ਗੁਰੂ ਰੰਧਾਵਾ ਲਈ ਕਾਨੂੰਨੀ ਪਰੇਸ਼ਾਨੀਆਂ ਵਧ ਗਈਆਂ ਹਨ।
ਫਿਲਹਾਲ, ਗੁਰੂ ਰੰਧਾਵਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਸੰਗੀਤ ਪ੍ਰੇਮੀ ਤੇ ਪ੍ਰਸ਼ੰਸਕ ਇਸ ਪੂਰੇ ਮਾਮਲੇ ਤੇ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ।