ਮਹਿਲ ਕਲਾਂ (ਹਮੀਦੀ) – ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਇੱਕ ਹੋਰ ਵਾਅਦਾ ਪੂਰਾ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 4727 ਲਾਭਪਾਤਰੀਆਂ ਦੇ 67.84 ਕਰੋੜ ਰੁਪਏ ਦੇ ਕਰਜ਼ੇ ਮਾਫ ਕਰ ਦਿੱਤੇ ਗਏ ਹਨ।ਇਸ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ AAP ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ਪਿੰਡ ਪੰਡੋਰੀ ਵਿੱਚ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ। ਉਨ੍ਹਾਂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿਚ ਤਕਰੀਬਨ 30 ਲੱਖ ਰੁਪਏ ਦੇ ਕਰਜ਼ੇ ਮਾਫ ਕੀਤੇ ਗਏ ਹਨ।
ਉਹਨਾਂ ਨੇ ਰਮਨਦੀਪ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਸੌਂਪੇ। ਇਹ ਕਰਜ਼ੇ SC ਭਾਈਚਾਰੇ ਅਤੇ ਵਿਅਕਲਾਂ ਵੱਲੋਂ 31 ਮਾਰਚ 2020 ਤੋਂ ਪਹਿਲਾਂ ਲਏ ਗਏ ਸਨ, ਜੋ ਕੋਵਿਡ-19 ਦੌਰਾਨ ਵਾਪਰੀਆਂ ਆਰਥਿਕ ਮੁਸ਼ਕਲਾਂ ਕਾਰਨ ਅਦਾ ਨਹੀਂ ਹੋ ਸਕੇ।ਪੰਡੋਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਪਿੰਡਾਂ ਦੀ ਤਰੱਕੀ ਲਈ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਮੌਕੇ ਕਈ ਹੋਰ ਆਗੂ ਅਤੇ ਅਧਿਕਾਰੀ ਵੀ ਹਾਜ਼ਰ ਰਹੇ, ਜਿਵੇਂ ਕਿ ਨਾਇਬ ਤਹਿਸੀਲਦਾਰ ਪਵਨ ਕੁਮਾਰ, ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰਦਾਸ ਬਾਵਾ, ਸਲਾਹਕਾਰ ਦਵਿੰਦਰ ਸਿੰਘ ਧਨੋਆ ਤੇ ਹੋਰ ਸਥਾਨਕ ਆਗੂ।